ਜਲੰਧਰ: 19 ਫਰਵਰੀ 2022 – ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਬਦਲਾਅ ਲਿਆਉਣ ਅਤੇ ਡਰੱਗ ਮਾਫੀਆ ਨੂੰ ਖਤਮ ਕਰਨ ਦੇ ਦਾਅਵਿਆਂ ‘ਤੇ ਭਾਰਤੀ ਜਨਤਾ ਪਾਰਟੀ ਨੇ ਸਵਾਲ ਚੁੱਕੇ ਹਨ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਡਰੱਗ ਮਾਫੀਆ ਵਿਰੁੱਧ ਲੜਾਈ ਲੜਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਨੇ ਇਸੇ ਮੁੱਦੇ ‘ਤੇ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਚੁੱਕੇ ਹਨ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਘੁੰਮ ਰਹੇ ਹਨ ਅਤੇ ਡਰੱਗ ਮਾਫੀਆ ਨੂੰ ਖਤਮ ਕਰਨ ਅਤੇ ਜੇਲ੍ਹਾਂ ਵਿੱਚ ਡੱਕਣ ਲਈ ਸਿਸਟਮ ਵਿੱਚ ਬਦਲਾਅ ਕਰਨ ਦਾ ਦਾਅਵਾ ਕਰ ਰਹੇ ਹਨ। ਪਰ ਉਹ ਕੇਜਰੀਵਾਲ ਨੂੰ ਯਾਦ ਦਿਵਾਉਂਦੇ ਹਨ ਕਿ ਉਨ੍ਹਾਂ ਨੇ ਡਰਪੋਕ ਵਾਂਗ ਵਿਵਹਾਰ ਕੀਤਾ ਅਤੇ ਅਕਾਲੀ ਆਗੂ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ।
ਕੇਜਰੀਵਾਲ ਵੱਲੋਂ ਮਜੀਠੀਆ ਨੂੰ ਲਿਖੇ ਮਾਫੀਨਾਮੇ ਦਾ ਹਵਾਲਾ ਦਿੰਦੇ ਹੋਏ, ਸ਼ੇਖਾਵਤ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਕੇਜਰੀਵਾਲ ਲੋਕਾਂ ਨੂੰ ਜੇਲ ਭੇਜਣ ਦੀ ਗੱਲ ਕਰਦੇ ਹਨ, ਉਹ ਮਜੀਠੀਆ ‘ਤੇ ਡਰੱਗ ਮਾਫੀਆ ਨਾਲ ਜੁੜੇ ਹੋਣ ਦਾ ਦੋਸ਼ ਲਾਉਂਦੇ ਸਨ। ਪਰ ਜਦੋਂ ਮਜੀਠੀਆ ਨੇ ਇਸ ਸਬੰਧੀ ਮਾਣਹਾਨੀ ਦਾ ਕੇਸ ਦਾਇਰ ਕੀਤਾ ਤਾਂ ਇੱਕ ਸਾਲ ਦੇ ਅੰਦਰ ਹੀ 15 ਮਾਰਚ, 2018 ਨੂੰ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਤੋਂ ਬਗੈਰ ਸ਼ਰਤ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਜੀਠੀਆ ‘ਤੇ ਲਾਏ ਗਏ ਦੋਸ਼ ਝੂਠੇ ਹਨ।
ਗਜੇਂਦਰ ਸਿੰਘ ਸ਼ੇਖਾਵਤ ਨੇ ਖ਼ੁਲਾਸਾ ਕੀਤਾ ਕਿ ਉਸ ਵੇਲੇ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਮੁਆਫ਼ੀ ਮੰਗਣ ‘ਤੇ ਗੁੱਸਾ ਜ਼ਾਹਰ ਕਰਦਿਆਂ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਗਜੇਂਦਰ ਸਿੰਘ ਸ਼ੇਖਾਵਤ ਨੇ ਸਵਾਲ ਕੀਤਾ ਕਿ ਕੀ ਪੰਜਾਬ ਦੇ ਲੋਕ ਮਜੀਠੀਆ ਤੋਂ ਕੇਜਰੀਵਾਲ ਦੀ ਮੁਆਫੀ ਨੂੰ ਭੁੱਲ ਸਕਦੇ ਹਨ। ਕੀ ਇੱਕ ਦਲੇਰ ਪੰਜਾਬੀ ਇੱਕ ਡਰਪੋਕ ਕੇਜਰੀਵਾਲ ਨੂੰ ਬਰਦਾਸ਼ਤ ਕਰ ਸਕਦੇ ਹਨ? ਕੀ ਕੋਈ ਉਸ ਵਿਅਕਤੀ ‘ਤੇ ਭਰੋਸਾ ਕਰਦ ਸਜਦਾ ਹੈ, ਜੋ ਜਾਣਬੁੱਝ ਕੇ ਝੂਠ ਬੋਲਦਾ ਹੈ ਅਤੇ ਬਾਅਦ ਵਿਚ ਉਸ ਲਈ ਮੁਆਫੀ ਮੰਗਦਾ ਹੈ?