ਮਾਨਸਾ, 24 ਮਈ 2025 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਜਾਂਚ ਅਧਿਕਾਰੀ ਅਤੇ ਸਿਟੀ-1 ਥਾਣੇ ਦੇ ਤਤਕਾਲੀ ਇੰਚਾਰਜ ਅਤੇ ਕਤਲ ਕੇਸ ਦੇ ਗਵਾਹ ਸਾਬਕਾ ਐਸ.ਐਚ.ਓ ਅੰਗਰੇਜ਼ ਸਿੰਘ ਦੀ ਮੌਤ ਹੋ ਗਈ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਕੱਲ੍ਹ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਕੇਸ ਵਿੱਚ ਅਦਾਲਤ ਵਿੱਚ ਗਵਾਹੀ ਸੀ, ਪਰ ਉਹ ਨਹੀਂ ਪਹੁੰਚੇ ਸਨ। ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ 4 ਜੁਲਾਈ ਨੂੰ ਬੁਲਾਇਆ ਸੀ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਬਿਮਾਰ ਸਨ ਅਤੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਸੀ।
ਉਹ ਕਰੀਬ ਦੋ ਵਰ੍ਹੇ ਪਹਿਲਾਂ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਸਨ ਤੇ ਅੱਜਕਲ੍ਹ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਸਨ। ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਵੇਲੇ ਅੰਗਰੇਜ ਸਿੰਘ ਬਤੌਰ ਐੱਸ.ਐੱਚ.ਓ. ਥਾਣਾ ਸਿਟੀ-1 ਮਾਨਸਾ ਵਿਖੇ ਤਾਇਨਾਤ ਸਨ।
ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਕੇਸ ’ਚ ਕੱਲ੍ਹ ਮਾਨਸਾ ਦੀ ਅਦਾਲਤ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਵੀ ਗਵਾਹੀ ਹੋਣੀ ਸੀ ਪਰ ਉਹ ਸਿਹਤ ਖ਼ਰਾਬ ਹੋਣ ਕਾਰਨ ਅਦਾਲਤ ਵਿੱਚ ਪੇਸ਼ੀ ਲਈ ਨਹੀਂ ਆ ਸਕੇ। ਅਦਾਲਤ ਨੇ ਹੁਣ ਬਲਕੌਰ ਸਿੰਘ ਨੂੰ ਅਗਲੀ ਪੇਸ਼ ਲਈ ਚਾਰ ਜੁਲਾਈ ਨੂੰ ਬੁਲਾਇਆ ਹੈ।

ਪਿਛਲੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਇਸ ਕਤਲ ਕੇਸ ਵਿੱਚ ਜਾਂਚ ਅਧਿਕਾਰੀ (ਆਈਓ) ਅੰਗਰੇਜ਼ ਸਿੰਘ ਤੇ ਸੁਖਪਾਲ ਸਿੰਘ ਨੂੰ ਵੀ ਉਸੇ ਦਿਨ ਆਪਣੇ ਬਿਆਨ ਦਰਜ ਕਰਵਾਉਣ ਲਈ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਅਦਾਲਤ ਨੇ ਕੇਸ ਦੇ ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਨੂੰ ਵੀ ਸੰਮਨ ਜਾਰੀ ਕੀਤੇ ਸਨ।
