ਚੰਡੀਗੜ੍ਹ, 27 ਅਗਸਤ 2022 – ਪੰਜਾਬ ਕਾਂਗਰਸ ‘ਚ ਫਿਰ ਤੋਂ ਕਲੇਸ਼ ਸ਼ੁਰੂ ਹੋ ਗਿਆ ਹੈ। ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੇ ਰਵੱਈਏ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਵੜਿੰਗ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਇੱਕ ਵਿਅਕਤੀ ਲਈ ਪਾਰਟੀ ਕੇਡਰ ਦੀ ਊਰਜਾ ਬਰਬਾਦ ਨਾ ਕਰੋ। ਉਨ੍ਹਾਂ ਦਾ ਇਸ਼ਾਰਾ ਲੁਧਿਆਣਾ ‘ਚ ਫੜੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲ ਸੀ। ਜਿਸ ਦੀ ਗ੍ਰਿਫਤਾਰੀ ਖਿਲਾਫ ਕਾਂਗਰਸ ਲੁਧਿਆਣਾ ਵਿਖੇ ਧਰਨਾ ਦੇ ਰਹੀ ਹੈ।
ਸੁਖਪਾਲ ਖਹਿਰਾ ਨੇ ਕਿਹਾ ਕਿ ਸਾਡੇ ਸਾਹਮਣੇ ਪੰਜਾਬ ‘ਚ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਸੇਮ ਦੀ ਲਪੇਟ ‘ਚ ਆਉਣ ਵਰਗੇ ਕਈ ਵੱਡੇ ਮੁੱਦੇ ਹਨ। ਸਾਨੂੰ ਪਾਰਟੀ ਕਾਡਰ ਦੀ ਤਾਕਤ ਨੂੰ ਕਿਸੇ ਇੱਕ ਵਿਅਕਤੀ ਦੇ ਬਚਾਅ ਲਈ ਨਹੀਂ ਵਰਤਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਸਾਹਮਣਾ ਕੀਤਾ ਕਿਉਂਕਿ ਮੈਂ ਸੱਚਾ ਸੀ। ਇਸ ਤੋਂ ਬਾਅਦ ਭੁੱਲਥ ਨੇ ਮੈਨੂੰ ਵੋਟ ਪਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ। ਜੇਕਰ ਸਾਡੇ ਆਗੂ ਇਮਾਨਦਾਰ ਹਨ ਤਾਂ ਚਿੰਤਾ ਕਿਉਂ ?
ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਨੂੰ ਬਚਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ। ਆਸ਼ੂ ਪਾਰਟੀ ਦੇ ਕਾਰਜਕਾਰੀ ਮੁਖੀ ਵੀ ਹਨ। ਆਸ਼ੂ ਨੂੰ ਬਚਾਉਣ ਲਈ ਪਹਿਲਾਂ ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਆਸ਼ੂ ਨੂੰ ਵਿਜੀਲੈਂਸ ਨੇ ਲੁਧਿਆਣਾ ਤੋਂ ਫੜਿਆ ਤਾਂ ਵੜਿੰਗ ਅੱਧੀ ਰਾਤ ਨੂੰ ਹੀ ਲੁਧਿਆਣਾ ਪਹੁੰਚ ਗਿਆ। ਉਦੋਂ ਤੋਂ ਪੰਜਾਬ ਕਾਂਗਰਸ ਲੁਧਿਆਣਾ ਵਿੱਚ ਧਰਨਾ ਦੇ ਰਹੀ ਹੈ।