ਚੰਡੀਗੜ੍ਹ, 23 ਅਪ੍ਰੈਲ 2022 – ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਦੀ ਸਿਆਸਤ ਗਰਮਾਈ ਹੋਈ ਹੈ। ਕਾਂਗਰਸੀ ਆਗੂ ਵਿਧਾਇਕ ਸੁਖਪਾਲ ਖਹਿਰਾ ਨੇ ਸੀਐਮ ਭਗਵੰਤ ਮਾਨ ਨੂੰ ਇਹ ਚੁਣੌਤੀ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਸੀਐਮ ਮਾਨ ਅਤੇ ਪੇਂਡੂ ਵਿਕਾਸ ਮੰਤਰੀ ਪਹਿਲਾਂ ਮੋਹਾਲੀ ਦੀ 50 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ। ਇਸ ਜ਼ਮੀਨ ‘ਤੇ ਬਾਦਲਾਂ, ਕੈਪਟਨ ਅਤੇ ਡੀਜੀਪੀ ਆਦਿ ਦਾ ਕਬਜ਼ਾ ਹੈ। ਖਹਿਰਾ ਨੇ ਇਸ ਲਈ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ।
ਪੰਜਾਬ ‘ਚ ‘ਆਪ’ ਸਰਕਾਰ ‘ਚ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਸੀ ਕਿ ਪੰਚਾਇਤੀ ਜ਼ਮੀਨਾਂ ‘ਤੇ ਹੋਏ ਕਬਜ਼ੇ ਛੁਡਵਾਏ ਜਾਣਗੇ। ਉਸ ਨੇ ਇਨ੍ਹਾਂ ਕਬਜ਼ਿਆਂ ਪਿੱਛੇ ਆਗੂਆਂ ਦਾ ਹੱਥ ਹੋਣ ਦਾ ਸੰਕੇਤ ਦਿੱਤਾ ਸੀ। ਜਿਸ ਤੋਂ ਬਾਅਦ ਖਹਿਰਾ ਨੇ ਅੱਗੇ ਆ ਕੇ ਕਿਹਾ ਕਿ ਜੇਕਰ ਉਹ ਸੱਚਮੁੱਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਤੋਂ ਛੁਟਕਾਰਾ ਪਾਉਣ ਦੇ ਇੱਛੁਕ ਹਨ ਤਾਂ ਪਹਿਲਾਂ ਮੋਹਾਲੀ ‘ਚ ਕਰਵਾ ਲੈਣ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੱਧੂ ਵੀ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਉਠਾ ਚੁੱਕੇ ਹਨ। ਸਿੱਧੂ ਨੇ ਕਿਹਾ ਸੀ ਕਿ ਮੁਹਾਲੀ ਵਿੱਚ ਦੋ ਮੁੱਖ ਮੰਤਰੀਆਂ ਕੋਲ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ਹੈ। ਇਨ੍ਹਾਂ ਦੇ ਨਾਂ ਜਾਣੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਸੀ ਕਿ ਇਸ ਵਿੱਚੋਂ 900 ਏਕੜ ਜ਼ਮੀਨ ‘ਤੇ ਸਿਰਫ਼ ਦੋ ਮੁੱਖ ਮੰਤਰੀਆਂ ਦਾ ਕਬਜ਼ਾ ਹੈ।