ਚੰਡੀਗੜ੍ਹ, 28 ਅਗਸਤ 2022 – ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਫਿਰ ਤੋਂ ਸਲਾਹ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਨੇਤਾਵਾਂ ਨੂੰ ਛੋਟੇ ਵਰਕਰ ਦੀ ਸਲਾਹ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਖਹਿਰਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਨੇ ਕੱਲ੍ਹ ਰਾਜਾ ਵੜਿੰਗ ਨੂੰ ਕਿਹਾ ਸੀ ਕਿ ਇੱਕ ਵਿਅਕਤੀ ਯਾਨੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪਿੱਛੇ ਪਾਰਟੀ ਦੇ ਸਾਰੇ ਕਾਡਰ ਦੀ ਊਰਜਾ ਬਰਬਾਦ ਨਹੀਂ ਹੋਣੀ ਚਾਹੀਦੀ।
ਜਿਸ ਦੇ ਜਵਾਬ ‘ਚ ਵੜਿੰਗ ਨੇ ਕਿਹਾ ਕਿ ਬਿਨਾਂ ਪੁੱਛੇ ਸਲਾਹ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਨਾਲ ਮੁੱਲ ਘਟਦਾ ਹੈ। ਇਸ ਦੇ ਨਾਲ ਹੀ ਖਹਿਰਾ ਨੇ ਕਾਂਗਰਸ ਦੇ ਆਸ਼ੂ ਦੇ ਸਮਰਥਨ ‘ਚ ਲੁਧਿਆਣਾ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਹਟਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਸੁਖਪਾਲ ਖਹਿਰਾ ਨੇ ਇਹ ਵੀ ਕਿਹਾ ਕਿ ਮੇਰੇ ਬਿਆਨ ਨੂੰ ਕਾਂਗਰਸ ਦੇ ਅੰਦਰ ਦੀ ਲੜਾਈ ਨਾ ਬਣਾਇਆ ਜਾਵੇ। ਇਸ ਦਾ ਕਾਂਗਰਸ ਛੱਡਣ ਵਾਲੇ ਆਗੂਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਇਮਾਨਦਾਰੀ ਨਾਲ ਸੁਝਾਅ ਦਿੱਤਾ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਰਾਜਾ ਵੜਿੰਗ ਨੇ ਲੋਕਾਂ ਦੀ ਆਵਾਜ਼ ਸੁਣੀ ਹੈ ਅਤੇ ਧਰਨਾ ਚੁੱਕ ਲਿਆ ਹੈ।
ਸੁਖਪਾਲ ਖਹਿਰਾ ਨੇ ਲੁਧਿਆਣਾ ਵਿਜੀਲੈਂਸ ਦਫਤਰ ਦੇ ਬਾਹਰੋਂ ਕਾਂਗਰਸ ਦੇ ਪੱਕੇ ਮੋਰਚੇ ਨੂੰ ਹਟਾਉਣ ਨੂੰ ਪਾਰਟੀ ਦੇ ਵਡੇਰੇ ਹਿੱਤ ਵਿੱਚ ਕਰਾਰ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੱਲੋਂ ਕਥਿਤ 100 ਕਰੋੜ ਦੀ ਜ਼ਮੀਨ ਹੜੱਪਣ ਦੇ ਮਾਮਲੇ ਵਿੱਚ ਧਰਨਾ ਦੇਵਾਂਗੇ।