ਚੰਡੀਗੜ੍ਹ, 22 ਸਤੰਬਰ 2022 – ਜਲੰਧਰ ਸ਼ਹਿਰ ਦੀ ਸ਼ਾਸਤਰੀ ਮਾਰਕੀਟ ‘ਚ ਬੁੱਧਵਾਰ ਰਾਤ ਨੂੰ ਹੋਏ ਵਿਵਾਦ ‘ਚ ਹੁਣ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੀ ਕੁੱਦ ਗਏ ਹਨ। ਉਨ੍ਹਾਂ ਨੇ ਡੀਸੀਪੀ ਖ਼ਿਲਾਫ਼ ਇਰਾਦਾ-ਏ-ਕਤਲ ਦਾ ਕੇਸ ਦਰਜ ਕਰਵਾਉਣ ਵਾਲੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ‘ਤੇ ਤਿੱਖੀ ਟਿੱਪਣੀ ਕੀਤੀ ਹੈ।
ਖਹਿਰਾ ਨੇ ਟਵੀਟ ਕਰਕੇ ਕਿਹਾ ਹੈ ਕਿ ਜੋ ਆਪਣੇ ਨਿੱਜੀ ਹਿੱਤ ਲਈ ਕਿਸੇ ਦੀ ਜਾਇਦਾਦ ਲਈ ਡੀਸੀਪੀ ਨਾਲ ਝਗੜਾ ਕਰ ਸਕਦਾ ਹੈ, ਉਹ ਸੋਚੋ ਕਿ ਉਹ ਆਪ੍ਰੇਸ਼ਨ ਲੋਟਸ ਤਹਿਤ ਭਾਜਪਾ ਦੀ 25 ਕਰੋੜ ਦੀ ਪੇਸ਼ਕਸ਼ ਨੂੰ ਛੱਡੇਗਾ।
ਉਨ੍ਹਾਂ ਨੇ ਸ਼ਾਸਤਰੀ ਮਾਰਕੀਟ ਵਿਵਾਦ ਦੇ ਬਹਾਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਲੋਟਸ ਨੂੰ ਲੈ ਕੇ ਪੰਜਾਬ ਵਿੱਚ ਜੋ ਵੀ ਦੋਸ਼ ਲੱਗ ਰਹੇ ਹਨ, ਉਹ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਿਰਜਣਾ ਹੈ। ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਨੂੰ ਪੈਸਿਆਂ ਦੀ ਪੇਸ਼ਕਸ਼ ਦੇ ਕੇ ਮੁੱਦੇ ਦੀ ਪੂਰੀ ਸਕ੍ਰਿਪਟ ਲਿਖੀ ਹੈ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਅਰੋੜਾ ‘ਤੇ ਵੀ ਨਿਸ਼ਾਨਾ ਸਾਧਿਆ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਅਮਨ ਅਰੋੜਾ ਨੇ ਮੰਨਿਆ ਕਿ ਵਿਧਾਨ ਸਭਾ ਦੇ ਨਿਯਮਾਂ ‘ਚ ਕਿਤੇ ਵੀ ਭਰੋਸੇ ਦੀ ਵੋਟ ਦੀ ਵਿਵਸਥਾ ਨਹੀਂ ਹੈ, ਪਰ ਨਾਲ ਹੀ ਕਿਹਾ ਕਿ ਇੱਥੇ ਵੀ ਕੋਈ ਰੋਕ ਨਹੀਂ ਹੈ। ਉਨ੍ਹਾਂ ਮੰਤਰੀ ਦੇ ਬਿਆਨ ਨੂੰ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਤਰਕ ਅਜਿਹਾ ਹੈ ਕਿ ਕੱਲ੍ਹ ਨੂੰ ਉਹ ਵਿਧਾਨ ਸਭਾ ‘ਚ ਕਬੱਡੀ ਖੇਡਣਾ ਚਾਹੁੰਦੇ ਹਨ, ਇਸ ‘ਤੇ ਵੀ ਕੋਈ ਪਾਬੰਦੀ ਨਹੀਂ ਹੈ।