- ਮਾਨਸਾ ਜ਼ਿਲ੍ਹੇ ਦੇ 7 ਸਕੂਲਾਂ ਤੋਂ ਕੀਤੀ ਸ਼ੁਰੂਆਤ
ਮਾਨਸਾ 9 ਮਈ 2023: ਦੇਸ਼ ਭਰ ਚ ਮਨੁੱਖਤਾ ਦੀ ਭਲਾਈ ਲਈ ਵੱਡੇ ਕਾਰਜ ਕਰਨ ਵਾਲੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਇੰਟਰਨੈਸ਼ਨਲ ਵੱਲ੍ਹੋਂ ਹੁਣ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਲੋੜਵੰਦ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਇਨ੍ਹਾਂ ਸਕੂਲਾਂ ਲਈ ਪੀਣ ਵਾਲੇ ਸ਼ੁੱਧ ਪਾਣੀ ਦੀ ਸਾਹੂਲਤ,ਲਾਇਬਰੇਰੀ ਲਈ ਅਲਮਾਰੀਆਂ,ਸਕੂਲਾਂ ਲਈ ਫਰਨੀਚਰ ਅਤੇ ਹੋਰ ਵੱਡੀ ਗਿਣਤੀ ਵਿੱਚ ਲੋੜੀਂਦਾ ਸਮਾਨ ਦੇਣ ਲਈ ਪਹਿਲ ਕਦਮੀਂ ਕੀਤੀ ਹੈ। ਇਹ ਪਹਿਲ ਕਦਮੀਂ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ, ਹਾਈ ਸਕੂਲਾਂ, ਸੈਕੰਡਰੀ ਸਕੂਲਾਂ ਤੋਂ ਕੀਤੀ ਗਈ ਹੈ।
ਸਰਕਾਰੀ ਹਾਈ ਸਕੂਲ ਬਹਿਣੀਵਾਲ ਵਿਖੇ ਖਾਲਸਾ ਏਡ ਇੰਟਰਨੈਸ਼ਨਲ ਵੱਲ੍ਹੋਂ ਕੀਤੇ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਸਿੰਘ ਭੁੱਲਰ ਨੇ ਵਿਸ਼ੇਸ਼ ਸ਼ਿਰਕਤ ਕਰਦਿਆਂ ਖਾਲਸਾ ਏਡ ਇੰਟਰਨੈਸ਼ਨਲ ਵੱਲ੍ਹੋਂ ਸਰਕਾਰੀ ਸਕੂਲਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲ੍ਹੋਂ ਦੇਸ਼ ਭਰ ਮਨੁੱਖਤਾ ਦੀ ਭਲਾਈ ਲਈ ਜੋ ਲੱਖਾਂ ਕਾਰਜਾਂ ਕੀਤੇ ਹਨ,ਉਸ ਦੀ ਦੁਨੀਆਂ ਭਰ ਚ ਕਿਧਰੇ ਵੀ ਕੋਈ ਮਿਸਾਲ ਨਹੀਂ। ਉਨ੍ਹਾਂ ਕਿਹਾ ਕਿ ਖਾਲਸਾ ਏਡ ਦੇ ਪ੍ਰਬੰਧਕਾਂ ਅਤੇ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਵੱਲ੍ਹੋਂ ਇਨ੍ਹਾਂ ਵੱਖ-ਵੱਖ ਸਕੂਲਾਂ ਲਈ ਕੀਤੇ ਯਤਨ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸਾਰਥਿਕ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਖ-ਵੱਖ ਪ੍ਰੀਖਿਆਵਾਂ ਚ ਪੰਜਾਬ ਭਰ ਚੋਂ ਮੋਹਰੀ ਰਹਿ ਕੇ ਆਪਣੇ ਸਕੂਲਾਂ,ਅਧਿਆਪਕਾਂ, ਮਾਪਿਆਂ ਦਾ ਨਾਮ ਚਮਕਾ ਰਹੇ ਹਨ।
ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਕਿਹਾ ਕਿ ਖਾਲਸਾ ਏਡ ਇੰਟਰਨੈਸ਼ਨਲ ਨੇ ਮਨੁੱਖਤਾ ਦੀ ਭਲਾਈ ਲਈ ਕੀਤੇ ਵਿਲੱਖਣ ਕਾਰਜਾਂ ਨੇ ਇਨਸਾਨੀਅਤ ਦੇ ਜ਼ਿੰਦਾ ਹੋਣ ਦੀ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਭਿਆਨਕ ਬਿਮਾਰੀਆਂ ਨਾਲ ਜ਼ਿੰਦਗੀ ਮੌਤ ਦੀ ਜੰਗ ਲੜ ਰਹੀਆਂ ਅਨੇਕਾਂ ਜ਼ਿੰਦਗੀਆਂ ਮੌਤ ਦੇ ਮੂੰਹੋਂ ਬਚੀਆਂ ਹਨ,ਅਨੇਕਾਂ ਲੋਕਾਂ ਨੂੰ ਆਪਣੇ ਰਹਿਣ ਬਸੇਰੇ ਮਿਲੇ ਹਨ,ਅਨੇਕਾਂ ਲੋੜਵੰਦ ਵਿਅਕਤੀਆਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਹੋਰ ਅਨੇਕਾਂ ਉਦਾਹਰਣਾਂ ਹਨ, ਜੋ ਮਨੁੱਖਤਾ ਦੀ ਭਲਾਈ ਲਈ ਕੀਤੇ ਵਿਲੱਖਣ ਕਾਰਜਾਂ ਦੀ ਗਵਾਹੀ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਸੰਸਥਾ ਵੱਲ੍ਹੋਂ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਨੂੰ ਲੋੜੀਂਦੀਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਲੋੜਵੰਦ ਵਿਦਿਆਰਥੀਆਂ ਲਈ ਕਾਰਗਰ ਸਾਬਤ ਹੋਣਗੀਆਂ।
ਖਾਲਸਾ ਏਡ ਇੰਟਰਨੈਸ਼ਨਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲ੍ਹੋਂ ਮਨੁੱਖਤਾ ਦੀ ਭਲਾਈ ਲਈ ਜਿਥੇ ਹੋਰ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਉਥੇ ਹੁਣ ਸਰਕਾਰੀ ਸਕੂਲਾਂ ਲਈ ਲੋੜੀਂਦੀਆਂ ਸਾਹੂਲਤਾਂ ਮਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਹਿਣੀਵਾਲ ਨੂੰ ਕੁਰਸੀਆਂ ਮੇਜ, ਕੰਪਿਊਟਰ ਟੇਬਲ,ਅਲਮਾਰੀ, ਕਿਤਾਬਾਂ ਵਾਲਾ ਰੈਕ,ਟਾਟ, ਸ.ਪ.ਸ ਬਹਿਣੀਵਾਲ ਨੂੰ ਕਿਤਾਬਾਂ ਵਾਲੀਆਂ ਅਲਮਾਰੀਆਂ,ਵਾਟਰ ਕੂਲਰ ਅਤੇ ਆਰ ਓ ਸਿਸਟਮ,ਪ੍ਰਾਥਨਾ ਸਟੇਜ, ਸ.ਪ.ਸ ਧਿੰਗੜ ਨੂੰ ਵਾਟਰ ਕੂਲਰ ਅਤੇ ਆਰ.ਓ ਸਿਸਟਮ , ਕੁਰਸੀਆਂ, ਮੇਜ,ਦਰੀਆਂ,ਸ.ਹ.ਸ ਧਿੰਗੜ ਨੂੰ ਵਾਟਰ ਕੂਲਰ ਅਤੇ ਆਰ.ਓ ਸਿਸਟਮ, ਸਾਊਂਡ,ਅਲਮਾਰੀਆਂ,ਕੁਰਸੀਆਂ, ਸ.ਪ.ਸ ਚਹਿਲਾਂਵਾਲੀ ਨੂੰ ਮੇਜ ਕੁਰਸੀਆਂ,ਅਲਮਾਰੀ, ਕਿਤਾਬਾਂ ਵਾਲਾ ਰੈਕ ਸਾਊਂਡ ਸਿਸਟਮ,ਬਾਥਰੂਮ, ਪੇਰੋਂ ਚ ਕੁਰਸੀਆਂ, ਕਿਤਾਬਾਂ ਵਾਲਾ ਰੈਕ, ਅਲਮਾਰੀਆਂ,ਕੁਰਸੀਆਂ,ਰਸੋਈ ਲਈ ਪਾਣੀ ਦਾ ਪ੍ਰਬੰਧ, ਬਾਥਰੂਮ ਦੀ ਰਿਪੇਅਰ,ਸ.ਪ.ਸ ਬਣਾਂਵਾਲਾ ਨੂੰ ਕੰਪਿਊਟਰ ਟੇਬਲ, ਲੜਕਿਆਂ ਲਈ ਬਾਥਰੂਮ ਲਈ ਲੋੜੀਂਦੇ ਯਤਨ ਕੀਤੇ ਗਏ। ਜਿਸ ਦੀ ਸਬੰਧਤ ਸਕੂਲਾਂ ਨੇ ਸੰਸਥਾ ਦੀ ਭਾਰੀ ਪ੍ਰਸ਼ੰਸਾ ਕੀਤੀ ਹੈ।