ਖਾਲਸਾ ਏਡ ਨੇ ਪਟਿਆਲਾ ਵਿਚ ਖੋਲ੍ਹਿਆ ਪੰਜਾਬ ਦਾ ਸਭ ਤੋਂ ਸਸਤਾ ਹੈਲਥ ਸੈਂਟਰ

  • ਲੋੜਵੰਦ ਲੋਕਾਂ ਨੂੰ ਸਿਹਤ ਸਬੰਧੀ ਜਾਂਚ ਕਰਾਉਣ ਵਿਚ ਨਹੀਂ ਆਏਗੀ ਦਿੱਕਤ
  • ਸੀ.ਟੀ. ਸਕੈਨ, ਦੰਦਾਂ ਦੇ ਇਲਾਜ ਸਣੇ ਅਨੇਕਾਂ ਟੈਸਟ ਵਾਜਿਬ ਰੇਟਾਂ ਵਿਚ

ਪਟਿਆਲਾ; 18 ਅਗਸਤ 2024 – ਵਿਸ਼ਵ ਦੀ ਪਹਿਲੀ ਅੰਤਰਰਾਸ਼ਟਰੀ ਮਨੁੱਖਤਾਵਾਦੀ ਸਿੱਖ ਚੈਰਿਟੀ ਖਾਲਸਾ ਏਡ ਵੱਲੋਂ ਮਨੁੱਖਤਾ ਦੀ ਸੇਵਾ ਦੇ 25 ਵਰ੍ਹੇ ਮਨਾਉਂਦਿਆਂ ਪਟਿਆਲਾ ਵਿਖੇ ਹੈਲਥ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਹੈਲਥ ਸੈਂਟਰ ਖਾਲਸਾ ਏਡ ਦਾ ਪੰਜਾਬ ਅੰਦਰ ਲੰਬੇ ਸਮੇਂ ਲਈ ਚੱਲਣ ਵਾਲੇ ਪ੍ਰੋਜੈਕਟਾਂ ਵਿਚੋਂ ਪਹਿਲਾ ਸਿਹਤ ਸੰਭਾਲ ਸੈਂਟਰ ਹੈ। ਇਸ ਸਿਹਤ ਕੇਂਦਰ ਵਿਚ ਪੰਜਾਬ ਦੇ ਲੋੜਵੰਦ ਗਰੀਬ ਪਰਿਵਾਰਾਂ ਲਈ ਸਿਹਤ ਸਬੰਧੀ ਹੋਣ ਵਾਲੇ ਮਹਿੰਗੇ ਟੈਸਟ ਬੜੇ ਹੀ ਸਸਤੇ ਰੇਟਾਂ ਉੱਤੇ ਕੀਤੇ ਜਾਣਗੇ। ਇਸ ਹੈਲਥ ਸੈਂਟਰ ਦੀ ਅਰੰਭਤਾ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਅਰਦਾਸ ਤੋਂ ਬਾਅਦ ਹੋਈ।

ਮੀਡੀਆ ਨੂੰ ਸੰਬੋਧਨ ਕਰਦਿਆਂ ਖਾਲਸਾ ਏਡ ਇੰਟਰਨੈਸ਼ਨਲ ਦੇ ਅਪ੍ਰੇਸ਼ਨ ਹੈੱਡ ਗੁਰਪ੍ਰੀਤ ਸਿੰਘ ਮਾਨ ਯੂ.ਕੇ ਨੇ ਦੱਸਿਆ ਕਿ ਇਹ ਹੈਲਥ ਸੈਂਟਰ ਖਾਲਸਾ ਏਡ ਦੇ ਲੰਬੇ ਸਮੇਂ ਲਈ ਚੱਲਣ ਵਾਲੇ ਪੰਜਾਬ ਅੰਦਰਲੇ ਪ੍ਰੋਜੈਕਟਾਂ ਵਿਚ ਸਿਹਤ ਸੰਭਾਲ ਸਬੰਧੀ ਪਹਿਲਾ ਕੇਂਦਰ ਅਤੇ ਤੀਜਾ ਪ੍ਰੋਜੈਕਟ ਹੋਏਗਾ। ਜਿਸ ਵਿਚ ਦੰਦਾਂ ਦਾ ਕਲੀਨਿਕ, ਐਕਸ ਰੇਅ, ਸੀ.ਟੀ ਸਕੈਨ, ਫਿਜ਼ਿਓਥੈਰੇਪੀ, ਪੈਥੋਲਜੀ ਲੈਬ (ਖੂਨ ਦੀ ਜਾਂਚ ਸਬੰਧੀ ਟੈਸਟ) ਅਤੇ ਮੈਡੀਕਲ ਸਟੋਰ ਦੀ ਸਹੂਲਤ ਉਪਲਭਧ ਹੋਏਗੀ। ਖਾਲਸਾ ਏਡ ਇੰਡੀਆ ਦੇ ਟ੍ਰਸਟੀ ਭਾਈ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਹੈਲਥ ਸੈਂਟਰ ਵਿਖੇ ਸਾਰੀਆਂ ਹੀ ਸੇਵਾਵਾਂ ਬਹੁਤ ਹੀ ਘੱਟ ਰੇਟਾਂ ਉੱਤੇ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਸਿਹਤ ਸੇਵਾਵਾਂ ਸਬੰਧੀ ਆਮ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਚਿੰਤਤ ਭਾਈ ਰਵੀ ਸਿੰਘ ਦੀ ਇਹ ਦਿਲੀ ਇੱਛਾ ਸੀ ਕਿ ਲੋੜਵੰਦਾਂ ਲਈ ਬਹੁਤ ਹੀ ਸਸਤੇ ਰੇਟਾਂ ਉੱਤੇ ਮਹਿੰਗੇ ਟੈਸਟਾਂ ਦੀ ਸਹੂਲਤ ਮੁਹਈਆ ਕਰਾਈ ਜਾਵੇ, ਅਤੇ ਜਿਸ ਦੀ ਬਦੌਲਤ ਅੱਜ ਪਟਿਆਲਾ ਵਿਖੇ ਅਤਿ ਆਧੁਨਿਕ ਮਸ਼ੀਨਾਂ ਅਤੇ ਹਾਈ ਐਕੁਰੇਸੀ ਜਾਂਚ ਮਸ਼ੀਨਾਂ ਨਾਲ ਲੈਸ ਇਹ ਸਿਹਤ ਕੇਂਦਰ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਸਸਤਾ ਹੈਲਥ ਸੈਂਟਰ ਸਾਬਿਤ ਹੋਏਗਾ ਜਿਸ ਵਿਚ ਮਰੀਜ਼ਾਂ ਨੂੰ ਦਵਾਈਆਂ ਵੀ ਬਹੁਤ ਵਾਜਿਬ ਰੇਟਾਂ ਉਤੇ ਉਪਲਭਧ ਹੋਣਗੀਆਂ।

ਖਾਲਸਾ ਏਡ ਅਪ੍ਰੇਸ਼ਨ ਲੀਡ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਖਾਲਸਾ ਏਡ ਦੇ ਮੈਡੀਕਲ ਪ੍ਰੋਜੈਕਟ ਤਹਿਤ ਪਿਛਲੇ ਡੇਢ ਵਰ੍ਹੇ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਫਤਹਿਗੜ੍ਹ ਚੂੜੀਆਂ ਵਿਖੇ ਮਾਤਾ ਕੌਲਾਂ ਜੀ ਹਸਪਤਾਲ ਵਿਖੇ ਇਕ ਡਾਇਲਸਿਸ ਸੈਂਟਰ ਚਲਾਇਆ ਜਾ ਰਿਹਾ ਹੈ, ਜਿਥੇ ਮਹੀਨੇ ਵਿਚ 250 ਦੇ ਕਰੀਬ ਮਰੀਜ਼ ਬਹੁਤ ਹੀ ਸਸਤੇ ਰੇਟਾਂ ਅਤੇ ਲੋੜਵੰਦ ਪਰਿਵਾਰ ਬਿਲਕੁਲ ਮੁਫ਼ਤ ਡਾਇਲਸਿਸ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਖਾਲਸਾ ਏਡ ਦਾ ਪਟਿਆਲਾ ਅੰਦਰ ਆਪਣਾ ਸਿਹਤ ਕੇਂਦਰ ਸਥਾਪਤ ਕਰਨ ਦੀ ਪਹਿਲਕਦਮੀ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦੇ ਹੋਰਨਾਂ ਇਲਾਕਿਆਂ ਵਿਚ ਵੀ ਸਿਹਤ ਸਬੰਧੀ ਸਹੂਲਤਾਂ ਮੁਹਈਆ ਕਰਾਉਣ ਦਾ ਟੀਚਾ ਹੈ।

ਇਸ ਹੈਲਥ ਸੈਂਟਰ ਵਿਚ ਸਾਰੀਆਂ ਸੇਵਾਵਾਂ 1 ਸਤੰਬਰ 2024 ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਡਾ. ਅਮਰਵੀਰ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਖਾਲਸਾ ਏਡ ਦੇ ਇਸ ਉਪਰਾਲੇ ਨਾਲ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਂਚ ਕਰਾਉਣ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਦੀ ਸਮੁੱਚੀ ਟੀਮ, ਇਥੇ ਆਉਣ ਵਾਲੇ ਹਰ ਇਕ ਲੋੜਵੰਦ ਮਰੀਜ਼ ਦੀ ਸੇਵਾ ਲਈ ਤਿਆਰ ਬਰ ਤਿਆਰ ਹੈ।

ਇਸ ਮੌਕੇ ਖਾਲਸਾ ਏਡ ਪ੍ਰਬੰਧਕਾਂ ਵੱਲੋਂ ਇਸ ਹੈਲਥ ਸੈਂਟਰ ਦਾ ਸੰਪਰਕ ਨੰਬਰ 08069201313 ਅਤੇ ਈ.ਮੇਲ hc.patiala@khalsaaid.org ਵੀ ਜਾਰੀ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨਸਾ ‘ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ: ਪਰਿਵਾਰ ਦਾ ਇਕਲੌਤਾ ਪੁੱਤ ਸੀ ਕੁਲਵਿੰਦਰ ਸਿੰਘ

ਅੰਮ੍ਰਿਤਸਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ: ਫ਼ਿਰੋਜ਼ਪੁਰ ਤੋਂ ਫੜਿਆ ਗਿਆ ਮੁਲਜ਼ਮ, ਪੁੱਛਗਿੱਛ ਜਾਰੀ