ਗੁਰਦਾਸਪੁਰ, 19 ਜਨਵਰੀ 2023 – ਜ਼ਿਲ੍ਹਾ ਗੁਰਦਾਸਪੁਰ ਦੇ ਫਤਹਿਗੜ੍ਹ ਚੂੜ੍ਹੀਆਂ ਵਿਚ ਪੰਜਾਬ ਦਾ ਸਭ ਤੋਂ ਸਸਤਾ ਕਿਡਨੀ ਡਾਇਲਸਿਸ ਯੂਨਿਟ ਸ਼ੁਰੂ ਹੋ ਚੁੱਕਾ ਹੈ. ਇਹ ਡਾਇਲਸਿਸ ਯੂਨਿਟ ਖਾਲਸਾ ਏਡ ਇੰਟਰਨੈਸ਼ਨਲ ਦੁਆਰਾ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਸਹਿਯੋਗ ਨਾਲ ਖੋਲ੍ਹਿਆ ਗਿਆ ਹੈ. ਯੂਨਿਟ ਦੇ ਉਦਘਾਟਨ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ.
ਇਸ ਮੌਕੇ ਖਾਲਸਾ ਏਡ ਯੂਕੇ ਤੋਂ ਉਚੇਚੇ ਤੌਰ ‘ਤੇ ਗੁਰਦਾਸਪੁਰ ਪਹੁੰਚੇ ਗੁਰਪ੍ਰੀਤ ਸਿੰਘ ਨੇ ਦੱਸਿਆ ਕੀ ਖਾਲਸਾ ਏਡ ਉਨ੍ਹਾਂ ਪਰਿਵਾਰਾਂ ਦੀ ਮਦਦ ਵੀ ਕਰੇਗਾ ਜੋ ਇਸ ਡਾਇਲਸਿਸ ਦਾ ਬਿਲਕੁਲ ਵੀ ਖਰਚ ਨਹੀਂ ਚੁੱਕ ਸਕਦੇ. ਉਨ੍ਹਾਂ ਕਿਹਾ ਕੀ ਜਿਹੜੇ ਪਰਿਵਾਰ ਹਜ਼ਾਰਾਂ ਵਿਚ ਹੁੰਦੇ ਡਾਇਲਸਿਸ ਦਾ ਖਰਚ ਨਹੀਂ ਚੁੱਕ ਸਕਦੇ, ਉਹ ਹੁਣ ਮਹਿਜ਼ 500 ਰੁਪਏ ਵਿਚ ਆਪਣਾ ਡਾਇਲਸਿਸ ਕਰ ਸਕਣਗੇ. ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਇੰਨਾ ਸਸਤਾ ਕਿਡਨੀ ਯੂਨਿਟ ਹੋਵੇਗਾ ਜਿਸ ‘ਚ ਪਹਿਲਾ ਡਾਇਲਸਿਸ ਸਿਰਫ ਪੰਜ ਸੌ ਰੁਪਏ ਵਿਚ ਹੋਏਗਾ ਤੇ ਉਸਤੋਂ ਬਾਅਦ ਹੋਣ ਵਾਲੇ ਡਾਇਲਸਿਸ ਲਈ ਸਿਰਫ 200 ਰੁਪਏ ਫੀਸ ਲਈ ਜਾਏਗੀ.
ਇਸ ਮੌਕੇ ਬੀਬੀ ਕੌਲਾਂ ਜੀ ਹਸਪਤਾਲ ਦੇ ਐਮ.ਡੀ ਸ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿਖੇ ਪੰਜ ਨਵੀਆਂ ਡਾਇਲਸਿਸ ਮਸ਼ੀਨਾਂ ਲਾਈਆਂ ਗਈਆਂ ਨੇ. ਇਨ੍ਹਾਂ ਮਸ਼ੀਨਾਂ ‘ਤੇ ਹਰ ਰੋਜ਼ ਤਕਰੀਬਨ 10 ਤੋਂ 12 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ. ਜਿਸ ਨਾਲ ਗੁਰਦਾਸਪੁਰ, ਅੰਮ੍ਰਿਤਸਰ ਇਲਾਕੇ ਦੇ ਮਰੀਜ਼ਾਂ ਨੂੰ ਕਾਫੀ ਫਾਇਦਾ ਹੋਏਗਾ. ਉਨ੍ਹਾਂ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ, ਖਾਲਸਾ ਏਡ ਪੰਜਾਬ ਅੰਦਰ ਕਾਫੀ ਪ੍ਰਾਜੈਕਟ ਚਲਾ ਰਹੀ ਹੈ, ਜਿਨ੍ਹਾਂ ਵਿਚ ਲੋੜਵੰਦਾਂ ਦੇ ਘਰ ਬਣਾਉਣੇ, ਸ਼ਹੀਦ ਪਰਿਵਾਰਾਂ ਨੂੰ ਪੈਨਸ਼ਨਾਂ ਤੇ ਉਨ੍ਹਾਂ ਦੇ ਘਰ ਬਣਾਉਣੇ, ਸਵੈ ਰੁਜ਼ਗਾਰ ਲਈ ਨੌਜਵਾਨਾਂ ਨੂੰ ਟਰੇਨਿੰਗ ਦੇਣਾ, ਲੋੜਵੰਦਾਂ ਦੇ ਇਲਾਜ, ਦਵਾਈਆਂ ਪ੍ਰਦਾਨ ਕਰਨਾ ਆਦਿ, ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਬਹੁਤ ਵੱਡੀ ਲੋੜ ਸੀ ਕਿ ਪੰਜਾਬ ਵਿਚ ਸਭ ਤੋਂ ਸਸਤਾ ਡਾਇਲਸਿਸ ਯੂਨਿਟ ਸਥਾਪਿਤ ਕੀਤਾ ਜਾਵੇ ਤੇ ਜਿਸਨੂੰ ਸਮਝਦਿਆਂ ਖਾਲਸਾ ਏਡ ਨੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ.