ਮਾਨਸਾ, 21 ਜੁਲਾਈ 2023 : ਮਾਨਸਾ ਦੇ ਪਿੰਡ ਬੀਰੋਕੇ ਖੁਰਦ ਵਿੱਚ ਪਿਉਂ-ਪੁੱਤ ਦੇ ਝਗੜੇ ਨੂੰ ਹਟਾਉਣ ਗਈ ਗੁਆਂਢਣ ਦਾ ਬਾਲਟੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਡੀਐੱਸਪੀ ਬੁਢਲਾਡਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਬੀਰੋਕੇ ਖੁਰਦ ਦੇ ਗੁਰਤੇਜ ਸਿੰਘ ਦੇ ਘਰ ਪਰਿਵਾਰ ’ਚ ਪਿਓ-ਪੁੱਤ ਦਾ ਝਗੜਾ ਅਤੇ ਬਹਿਸ ਚੱਲ ਰਹੀ ਸੀ, ਜਿਸ ਨੂੰ ਸ਼ਾਂਤ ਕਰਨ ਲਈ ਗੁਆਢ ’ਚੋਂ ਮਿੱਠੂ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਉਨ੍ਹਾਂ ਦੇ ਘਰ ਪਹੁੰਚੇ ਤਾਂ ਬਹਿਸ ਦੌਰਾਨ ਹੀ ਗੁਰਤੇਜ ਸਿੰਘ ਨੇ ਗੁਆਂਢਣ ਮਨਜੀਤ ਕੌਰ ਨੂੰ ਕਿਹਾ ਕਿ ਉਹ ਉਸ ਦੇ ਘਰ ਅੰਦਰ ਜ਼ਿਆਦਾ ਦਖ਼ਲਅੰਦਾਜ਼ੀ ਕਰਦੇ ਆ ਰਹੇ ਹਨ। ਇਸੇ ਦੌਰਾਨ ਉਸ ਨੇ ਮਨਜੀਤ ਕੌਰ ਦੇ ਸਿਰ ‘ਚ ਬਾਲਟੀ ਮਾਰ ਦਿੱਤੀ।
ਪਰਿਵਾਰਕ ਮੈਂਬਰਾਂ ਵੱਲੋਂ ਮਨਜੀਤ ਕੌਰ (40 ਸਾਲਾਂ) ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਸੇ ਦੌਰਾਨ ਹੀ ਥਾਣਾ ਸਦਰ ਬੁਢਲਾਡਾ ਦੀ ਪੁਲੀਸ ਵੱਲੋਂ ਮ੍ਰਿਤਕ ਦੇ ਪਤੀ ਮਿੱਠੂ ਸਿੰਘ ਦੇ ਬਿਆਨ ’ਤੇ ਗੁਰਤੇਜ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
