ਚੰਡੀਗੜ੍ਹ, 31 ਜਨਵਰੀ 2023 – 3 ਫ਼ਰਵਰੀ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਉਣ ਦੀ ਤਿਆਰੀ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੌਮੀ ਇਨਸਾਫ਼ ਮੋਰਚਾ ਵਲੋਂ ਪਹਿਲਾਂ ਹੀ ਲਗਾਏ ਗਏ ਧਰਨੇ ਨੂੰ ਦੇਖ਼ਦਿਆਂ 3 ਫਰਵਰੀ ਨੂੰ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਧਰਨੇ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਤੋਂ ਇਲਾਵਾ ਐਡਵੋਕੇਟ ਪ੍ਰੇਮ ਸਿੰਘ ਭੰਗੂ ਬੋਘ ਸਿੰਘ ਮਾਨਸਾ, ਕੰਵਲਪ੍ਰੀਤ ਸਿੰਘ ਪੰਨੂ, ਤੋਂ ਇਲਾਵਾ ਹਰਜਿੰਦਰ ਸਿੰਘ ਟਾਂਡਾ ਵੀ ਮੌਜੂਦ ਸਨ।
ਇਸ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਬੇਸ਼ੱਕ ਅਸੀਂ ਲੋਕਾਂ ਦੇ ਹੱਕ ਵਿੱਚ ਮੋਰਚਾ ਕਰ ਰਹੇ ਹਾਂ, ਪਰ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਮੋਰਚੇ ਕਾਰਨ ਇਸ ਮੋਰਚੇ ਨੂੰ ਮੁਅੱਤਲ ਕਰ ਰਹੇ ਹਾਂ। ਜਦੋਂ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਬਾਰੇ ਕੋਈ ਹੱਲ ਹੋਵੇਗਾ, ਅਸੀਂ ਉਸ ਤੋਂ ਬਾਅਦ ਆਉਣ ਵਾਲੀ ਰਣਨੀਤੀ ਬਾਰੇ ਫੈਸਲਾ ਕਰਾਂਗੇ।