ਨਵੀਂ ਦਿੱਲੀ, 3 ਜਨਵਰੀ 2021 – ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਬਾਰਡਰਾਂ ਤੇ ਪਿਛਲੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਪ੍ਰਦਰਸ਼ਨ ਕਰ ਰਹੀ ਪੁਆਧ ਕਿਸਾਨ ਯੂਨੀਅਨ ਵਲੋਂ ਸਮਾਜ ਸੇਵੀ ਸੰਸਥਾ ਯੂਥ ਆਫ ਪੰਜਾਬ ਦੇ ਸਹਿਯੋਗ ਨਾਲ ਸਿੰਘੂ ਬਾਰਡਰ ਦਿੱਲੀ ਵਿਖੇ ਸੰਗਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਦਰੱਖਤ ਲਗਾਏ ਗਏ..॥
ਇਸ ਮੌਕੇ ਪੁਆਧ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਜਿਸ ਦਿਨ ਤੋਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਬਾਰਡਰ ਜਾਮ ਕੀਤੇ ਨੇ ਉਸੇ ਦਿਨ ਤੋਂ ਲਗਾਤਾਰ ਪੁਆਧ ਕਿਸਾਨ ਯੂਨੀਅਨ ਅਤੇ ਯੂਥ ਆਫ ਪੰਜਾਬ ਕਿਸਾਨਾਂ ਨਾਲ ਸੰਗਰਸ਼ ਕਰ ਰਿਹਾ ਹੈ ਅਤੇ ਲੰਗਰ ਵੀ ਨਿਰੰਤਰ ਜਾਰੀ ਹੈ..॥ਉਹਨਾਂ ਕਿਹਾ ਪੁਆਧ ਕਿਸਾਨ ਯੂਨੀਅਨ ਹਰ ਸਮੇਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਜੋ ਵੀ ਫੈਸਲਾ ਹੋਵੇਗਾ ਉਸਦਾ ਸਮਰਥਨ ਕਰੇਗੀ..॥
ਉਹਨਾਂ ਕਿਹਾ ਕਿ ਬੇਸ਼ੱਕ ਦੁਨੀਆਂ ਲਈ ਅੱਜ ਨਵਾਂ ਸਾਲ ਚੜਿਆ ਹੈ ਪਰ ਕਿਸਾਨ ਤਾਂ ਸਰਕਾਰ ਦੇ ਕਾਨੂੰਨਾਂ ਖਿਲਾਫ ਸੜਕਾਂ ਤੇ ਬੈਠੇ ਨੇ ਜਿਸ ਕਾਰਨ ਨਿੱਤ ਦਿਨ ਸ਼ਹੀਦੀਆਂ ਹੋ ਰਹੀਆਂ ਨੇ..॥ ਅੱਜ ਪੁਆਧ ਕਿਸਾਨ ਯੂਨੀਅਨ ਵਲੋਂ ਸੰਗਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਿੰਘੂ ਬਾਰਡਰ ਤੇ ਦਰੱਖਤ ਲਗਾਏ ਗਏ ਨੇ..॥ ਉਹਨਾਂ ਕਿਹਾ ਕਿਸਾਨ ਤਾਂ ਨਵੇਂ ਸਾਲ ਦਾ ਜਸ਼ਨ ਉਸੇ ਦਿਨ ਹੀ ਮਨਾਉਣਗੇ ਜਿਸ ਦਿਨ ਆਪਣੇ ਹੱਕ ਲੈ ਕੇ ਵਾਪਿਸ ਘਰ ਮੁੜਨਗੇ..॥ਇਸ ਮੌਕੇ ਪਰਮਦੀਪ ਬੈਦਵਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡਾ ਨੈਸ਼ਨਲ ਮੀਡੀਆ ਠੰਡ ਦੇ ਮੌਸਮ ਵਿੱਚ ਸੜਕਾਂ ਤੇ ਬੈਠੇ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਵੱਖ ਵੱਖ ਕਹਾਣੀਆਂ ਦਿਖਾ ਕੇ ਬਦਨਾਮ ਕਰਨ ਵਿੱਚ ਲੱਗਾ ਹੋਇਆ ਹੈ..॥
ਉਹਨਾਂ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੀਡੀਆ ਆਮ ਜਨਤਾ ਦੀ ਆਵਾਜ਼ ਹੁੰਦਾ ਹੈ ਪਰ ਅੱਜ ਸਾਡੇ ਦੇਸ਼ ਦਾ ਜਿਆਦਾਤਰ ਮੀਡੀਆ ਸਰਕਾਰ ਦਾ ਪ੍ਰਤੀਨਿਧੀ ਬਣ ਕੇ ਕਿਸਾਨਾਂ ਨੂੰ ਗਲਤ ਸਾਬਿਤ ਕਰ ਰਿਹਾ ਹੈ..॥ਇਸ ਮੌਕੇ ਉਹਨਾਂ ਸਪੱਸ਼ਟ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਕਹਿੰਦੇ ਨੇ ਸੜਕਾਂ ਤੇ ਸਿਰਫ ਪੰਜਾਬ ਤੇ ਹਰਿਆਣੇ ਦੇ ਰਾਜਨੀਤਿਕ ਪਾਰਟੀਆਂ ਵਲੋਂ ਉਕਸਾਏ ਕਿਸਾਨ ਹੀ ਬੈਠੇ ਨੇ ਉਹਨਾਂ ਨੂੰ ਆ ਕੇ ਦਿੱਲੀ ਬਾਰਡਰਾਂ ਤੇ ਦੇਖਣਾ ਚਾਹੀਦਾ ਹੈ ਜਿੱਥੇ ਦੇਸ਼ ਦੇ ਹਰ ਕੋਨੇ ਚੋਂ ਕਿਸਾਨ ਇਹਨਾਂ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ..॥ਉਹਨਾਂ ਕਿਹਾ ਕਿ ਜੇਕਰ ਸਰਕਾਰ ਦੀਆਂ ਨੀਤੀਆਂ ਖਿਲਾਫ ਕਿਸਾਨ ਸੜਕਾਂ ਤੇ ਬੈਠੇ ਨੇ ਅਤੇ ਲੰਗਰ ਚਲਾ ਰਹੇ ਨੇ ਤਾਂ ਕਿਸਾਨਾਂ ਵਲੋਂ ਸਾਫ ਸਫਾਈ ਦਾ ਵੀ ਨਿਰੰਤਰ ਧਿਆਨ ਰੱਖਿਆ ਜਾਂਦਾ ਹੈ..॥ ਬਾਕਾਇਦਾ ਸੜਕਾਂ ਤੇ ਝਾੜੂ ਵੀ ਲਗਾਇਆ ਜਾਂਦਾ ਹੈ..॥
ਉਹਨਾਂ ਕਿਹਾ ਕਿ ਕਿਸਾਨਾਂ ਵਲੋੰ ਕੀਤੇ ਜਾ ਰਹੇ ਅੰਦੋਲਨ ਅਤੇ ਅੰਦੋਲਨ ਵਿੱਚ ਹੋ ਰਹੀਆਂ ਸ਼ਹੀਦੀਆਂ ਸਬੰਧੀ ਸਿੱਧੇ ਤੌਰ ਤੇ ਸਰਕਾਰ ਜਿੰਮੇਵਾਰ ਹੈ..॥ਉਹਨਾਂ ਕਿਹਾ ਕਿ ਸਰਕਾਰ ਅਤੇ ਸਰਕਾਰ ਦੇ ਨੁਮਾਇੰਦੇ ਇਸ ਗੱਲ ਨੂੰ ਚੰਗੀ ਤਰਾਂ ਜਾਣਦੇ ਨੇ ਕਿ ਇਹ ਕਾਨੂੰਨ ਖੇਤੀ ਲਈ ਅਤੇ ਕਿਸਾਨਾਂ ਲਈ ਕਿੰਨੇ ਘਾਤਕ ਨੇ..॥ਇਹਨਾਂ ਕਾਨੂੰਨਾਂ ਕਾਰਨ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜਮਾਂਖੋਰੀ ਦਾ ਹੱਕ ਮਿਲੇਗਾ ਜਿਸ ਨਾਲ ਖਾਣ ਪੀਣ ਦੀਆਂ ਵਸਤਾਂ ਵਿੱਚ ਮਹਿੰਗਾਈ ਆਵੇਗੀ..॥ਅੱਜ ਤੱਕ ਸਾਡੇ ਦੇਸ਼ ਵਿੱਚ ਜਮਾਂਖੋਰੀ ਕਰਨਾ ਇੱਕ ਵੱਡਾ ਅਪਰਾਧ ਸੀ ਪਰ ਹੁਣ ਇਹਨਾਂ ਕਾਨੂੰਨਾਂ ਦੀ ਮਦਦ ਨਾਲ ਕਾਰਪੋਰੇਟ ਘਰਾਣੇ ਬਿਨਾਂ ਕਿਸੇ ਰੋਕ ਤੋਂ ਜਮਾਂਖੋਰੀ ਕਰਨਗੇ ਤੇ ਮਰਜ਼ੀ ਦੇ ਰੇਟਾਂ ਤੇ ਵੇਚਣਗੇ..॥
ਉਹਨਾਂ ਕਿਹਾ ਕਿ ਇਹ ਤਾਂ ਇੱਕ ਕਾਰਨ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਨੇ ਜੋ ਇਹਨਾਂ ਖੇਤੀ ਕਾਨੂੰਨਾਂ ਵਿੱਚ ਸ਼ਾਮਿਲ ਨੇ ਅਤੇ ਕਿਸਾਨ ਤੇ ਕਿਸਾਨੀ ਦੋਵਾਂ ਲਈ ਨੁਕਸਾਨਦਾਇਕ ਨੇ..॥ਉਹਨਾਂ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਅੰਦੋਲਨ ਕੇਵਲ ਕਿਸਾਨਾਂ ਦਾ ਹੀ ਨਹੀਂ ਸਗੋਂ ਹਰ ਉਸ ਨਾਗਰਿਕ ਦਾ ਹੈ ਜੋ ਮਹਿੰਗਾਈ ਦੇ ਦੌਰ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ..॥ਇਸ ਲਈ ਇਹ ਅੰਦੋਲਨ ਦੇਸ਼ ਦੇ ਹਰੇਕ ਨਾਗਰਿਕ ਨਾਲ ਜੁੜਿਆ ਹੋਇਆ ਹੈ..॥ ਇਸ ਮੌਕੇ ਪਰਮਦੀਪ ਸਿੰਘ ਬੈਦਵਾਨ ਤੋੰ ਇਲਾਵਾ ਮੀਤ ਪ੍ਰਧਾਨ ਦਾਰਾ ਪਹਿਲਵਾਨ ਕੁੰਬੜਾ, ਸਕੱਤਰ ਦੁਰਾਲੀ, ਮੇਵਾ ਸਿੰਘ, ਗੁਰਦਾਸ ਸਿੰਘ, ਕੇਸਰ ਸਿੰਘ, ਮਲਕੀਤ ਸਿੰਘ, ਟੋਨੀ ਰਾਏਪੁਰ ,ਸੁਖਚੈਨ ਚਿੱਲਾ , ਕਾਲੀ ਸਰਪੰਚ ਮੌਲੀ ਬੈਦਵਾਣ ਪਾਲਾ ਪਹਿਲਵਾਨ, ਰਿੰਕੂ ਸੈਣੀ ਖਰੜ, ਹੈਪੀ ਕੁੰਬੜਾ, ਅਮਰਜੀਤ ਸਿੰਘ, ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ, ਮਸ਼ਹੂਰ ਸਮਾਜ ਸੇਵੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਤੋਂ ਇਲਾਵਾ ਪੁਆਧ ਕਿਸਾਨ ਯੂਨੀਅਨ ਅਤੇ ਯੂਥ ਆਫ ਪੰਜਾਬ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਹਾਜ਼ਰ ਸਨ..॥