- ਦੇਰ ਰਾਤ 5 ਹਮਲਾਵਰਾਂ ਨੇ ਹਮਲਾ ਕੀਤਾ,
- ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਦੇ ਆਧਾਰ ‘ਤੇ ਹਮਲਾਵਰਾਂ ਦੀ ਪਹਿਚਾਣ ਕੀਤੀ ਸ਼ੁਰੂ
ਪਟਿਆਲਾ, 15 ਨਵੰਬਰ 2023 – ਦੇਰ ਰਾਤ ਪਟਿਆਲਾ ਦੀ ਲਹਿਲ ਕਲੋਨੀ ਵਿੱਚ ਇੱਕ ਪਰਿਵਾਰ ਉੱਤੇ 4 ਤੋਂ 5 ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਕਾਰਨ ਜ਼ਖਮੀ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ ਉਸ ਦੇ ਦੋਵੇਂ ਪੁੱਤਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮ੍ਰਿਤਕ ਦੀ ਪਛਾਣ ਪ੍ਰੀਤਮ ਚੰਦ (52) ਵਜੋਂ ਹੋਈ ਹੈ। ਉਸ ਦੇ ਦੋ ਪੁੱਤਰ ਅਜੈ ਕੁਮਾਰ ਅਤੇ ਜਤਿਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹਨ।
ਪਟਿਆਲਾ ਦੇ ਡੀਐਸਪੀ ਸੰਜੀਵ ਸਿੰਗਲਾ ਨੇ ਦੱਸਿਆ ਕਿ ਘਟਨਾ ਨੂੰ ਮੰਗਲਵਾਰ ਦੇਰ ਰਾਤ ਨੂੰ ਅੰਜਾਮ ਦਿੱਤਾ ਗਿਆ। ਦੇਰ ਰਾਤ ਪੁਲੀਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਪਰਿਵਾਰ ਦੇ ਤਿੰਨ ਮੈਂਬਰਾਂ ’ਤੇ ਹਮਲਾ ਹੋਇਆ ਹੈ। ਸੂਚਨਾ ਦੇ ਆਧਾਰ ’ਤੇ ਪਟਿਆਲਾ ਪੁਲੀਸ ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਜਾਂਚ ਲਈ ਮੌਕੇ ’ਤੇ ਪੁੱਜੀਆਂ।
ਫਿਲਹਾਲ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਦੇ ਆਧਾਰ ‘ਤੇ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮ੍ਰਿਤਕ ਪ੍ਰੀਤਮ ਚੰਦ ਮਿਸਤਰੀ ਸੀ। ਉਹ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਸੀ। ਫਿਲਹਾਲ ਪ੍ਰੀਤਮ ਚੰਦ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ।