ਅੰਮ੍ਰਿਤਸਰ, 13 ਅਕਤੂਬਰ 2024 – ਜਲੰਧਰ ਦੇ ਮਸ਼ਹੂਰ ਕੁੱਲੜ ਪਿੱਜ਼ਾ ਕਪਲ ਨੇ ਬੀਤੇ ਦਿਨੀ ਹੋਏ ਵਿਵਾਦ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕੀਤੀ ਹੈ। ਜਿਸ ’ਚ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਿਰੀ ਲਗਾਉਣ ਦੀ ਗੱਲ ਕੀਤੀ ਹੈ। ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਵੀਡੀਓ ’ਚ ਸਹਿਜ ਅਰੋੜਾ ਨੇ ਕਿਹਾ ਕਿ ਮੇਰੇ ਦਸਤਾਰ ਸਜਾਉਣ ’ਤੇ ਉੱਠ ਰਹੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਅਰਜ਼ੀ ਲਗਾਵਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਉਹ ਗਲਤ ਹਨ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਪਰ ਜੇਕਰ ਮੇਰੇ ਪਰਿਵਾਰ ਨਾਲ ਗਲਤ ਹੋ ਰਿਹਾ ਹੈ ਤੇ ਉਸ ਚੀਜ਼ ਦੀ ਸੁਣਵਾਈ ਵੀ ਜ਼ਰੂਰ ਹੋਵੇ।
ਵੀਡੀਓ ’ਚ ਸਹਿਜ ਅਰੋੜਾ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਨੂੰ ਇਨਸਾਫ ਜਰੂਰ ਮਿਲੇਗਾ। ਸਾਡੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਹੀ ਅਤੇ ਗਲਤ ਦੀ ਚੋਣ ਕਰ ਸਕਦੀ ਹੈ। ਸਹਿਜ ਅਰੋੜਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਅਤੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਉਨ੍ਹਾਂ ਦੇ ਰੈਸਟੋਰੈਂਟ ’ਤੇ ਵਾਰ-ਵਾਰ ਅਜਿਹਾ ਮਾਹੌਲ ਨਾ ਬਣੇ ਅਤੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਦਰਅਸਲ ਬੀਤੇ ਕੁਝ ਦਿਨ ਪਹਿਲਾਂ ਕੁਲੜ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੂੰ ਨਿਹੰਗ ਸਿੱਖਾਂ ਨੇ ਚਿਤਾਵਨੀ ਜਾਰੀ ਕੀਤੀ ਸੀ। ਕਥਿਤ ਐਮਐਮਐਸ ਸਕੈਂਡਲ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਵੀਡੀਓ ਬਣਾਉਣ ਤੋਂ ਬਾਅਦ ਨਿਹੰਗਾਂ ਨੇ ਕਿਹਾ ਹੈ ਕਿ ਸਹਿਜ ਅਰੋੜਾ ਜਾਂ ਤਾਂ ਵੀਡੀਓ ਬਣਾਉਣਾ ਬੰਦ ਕਰ ਦੇਵੇ ਜਾਂ ਫਿਰ ਪੱਗ ਬੰਨਣੀ ਬੰਦ ਕਰ ਦੇਵੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਨਿਹੰਗ ਸਿੱਖਾਂ ਨੂੰ ਧਮਕੀ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ।