ਜਲੰਧਰ, 14 ਨਵੰਬਰ 2024 – ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਅਤੇ ਯੂਟਿਊਬਰ ਜੋੜੇ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਹਾਈ ਕੋਰਟ ਦੇ ਹੁਕਮਾਂ ’ਤੇ ਜਲੰਧਰ ਸਿਟੀ ਪੁਲੀਸ ਵੱਲੋਂ ਜੋੜੇ ਦੀ ਸੁਰੱਖਿਆ ਲਈ ਦੋ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਨਿਹੰਗ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਜੋੜੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਦੱਸ ਦੇਈਏ ਕਿ ਬਾਬਾ ਬੁੱਢਾ ਦਲ ਦੇ ਨਿਹੰਗਾਂ ਨੇ ਕੁੱਲੜ ਪੀਜ਼ਾ ਦੀ ਦੁਕਾਨ ‘ਤੇ ਹੰਗਾਮਾ ਕਰ ਦਿੱਤਾ ਸੀ। ਕੁੱਲੜ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਨੇ ਜਾਨ-ਮਾਲ ਦੀ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਨਿਹੰਗਾਂ ਦੇ ਵਿਰੋਧ ਤੋਂ ਬਾਅਦ ਜੋੜੇ ਨੇ ਪਿਛਲੇ ਮਹੀਨੇ ਆਪਣੀ ਇੱਕ ਵੀਡੀਓ ਜਾਰੀ ਕੀਤੀ ਸੀ।
ਜਿਸ ਵਿੱਚ ਜੋੜੇ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ (ਸੁਨਹਿਰੀ ਮੰਦਿਰ) ਜਾਣਗੇ ਅਤੇ ਉੱਥੇ ਆਪਣੀ ਅਰਜ਼ੀ ਜਮਾਂ ਕਰਵਾਉਣਗੇ। ਸਹਿਜ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਉਹ ਪੁੱਛਣਗੇ ਕਿ ਉਹ ਦਸਤਾਰ ਸਜਾਉਣਗੇ ਜਾਂ ਨਹੀਂ। ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵੀਡੀਓ ‘ਚ ਸਹਿਜ ਨਾਲ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਵੀ ਮੌਜੂਦ ਸੀ।
ਤੁਹਾਨੂੰ ਦੱਸ ਦੇਈਏ ਕਿ ਜੋੜੇ ਦਾ ਰੈਸਟੋਰੈਂਟ ਦਾ ਕਾਰੋਬਾਰ ਹੈ। ਸਹਿਜ ਅਰੋੜਾ ਦੇ ਇੰਸਟਾਗ੍ਰਾਮ ‘ਤੇ ਕਰੀਬ 12 ਲੱਖ ਫਾਲੋਅਰਜ਼ ਹਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਦੇ ਕਰੀਬ 6.5 ਲੱਖ ਫਾਲੋਅਰਜ਼ ਹਨ। ਦੋਵੇਂ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹਨ। ਇਹ ਜੋੜਾ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ।