ਲੁਧਿਆਣਾ, 20 ਜੂਨ 2024 – ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ 4 ਦਿਨਾਂ ਤੋਂ ਬੰਦ ਹੈ। ਡੇਢ ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦੇ ਲੰਘੇ ਹਨ। NHAI ਨੂੰ ਕਰੀਬ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਾਹਮਣੇ NHAI ਬੇਵੱਸ ਨਜ਼ਰ ਆ ਰਹੀ ਹੈ।
ਕਿਸਾਨ ਆਪਣੀ ਮੰਗ ‘ਤੇ ਅੜੇ ਹੋਏ ਹਨ ਕਿ ਟੋਲ 150 ਰੁਪਏ ਪ੍ਰਤੀ ਵਾਹਨ ਹੋਣਾ ਚਾਹੀਦਾ ਹੈ ਪਰ ਐਨਐਚਏਆਈ ਦੇ ਅਧਿਕਾਰੀ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਕਾਰਨ ਲਾਡੋਵਾਲ ਟੋਲ ਪਲਾਜ਼ਾ ‘ਤੇ ਹੌਲੀ-ਹੌਲੀ ਕਿਸਾਨਾਂ ਦੀ ਭੀੜ ਵਧਦੀ ਜਾ ਰਹੀ ਹੈ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਹਮੇਸ਼ਾ ਹੀ ਲੋਕਾਂ ਦੀ ਹੋ ਰਹੀ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਨਾ ਝੁਕੀ ਤਾਂ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਹੋਰ ਕਦਮ ਚੁੱਕਣਗੇ। ਸਰਕਾਰ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਆਮ ਆਦਮੀ ਇੰਨਾ ਮਹਿੰਗਾ ਟੋਲ ਕਿਵੇਂ ਅਦਾ ਕਰੇ। ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਧਾਉਣ ਲਈ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਵੀ ਅੱਜ ਲੋਕਾਂ ਦੇ ਹੱਕ ਵਿੱਚ ਨਹੀਂ ਖੜ੍ਹੇ ਹੋ ਰਹੇ। ਸਿਆਸੀ ਪਾਰਟੀਆਂ ਦੇ ਆਗੂ ਸਿਰਫ਼ ਸਿਆਸੀ ਰੋਟੀਆਂ ਸੇਕਦੇ ਹਨ।
ਜੇਕਰ ਮੱਧ ਵਰਗ ਨਾਲ ਸਬੰਧਤ ਕੋਈ ਪਰਿਵਾਰ ਟੋਲ ਤੋਂ ਲੰਘਦਾ ਹੈ ਤਾਂ ਉਹ ਕਿਸਾਨਾਂ ਦਾ ਧੰਨਵਾਦ ਕਰਕੇ ਚਲਾ ਜਾਂਦਾ ਹੈ ਕਿਉਂਕਿ ਇਸ ਨਾਲ 425 ਰੁਪਏ ਦਾ ਟੋਲ ਬਚ ਜਾਂਦਾ ਸੀ। ਇਸ ਟੋਲ ਤੋਂ ਹੋਣ ਵਾਲੀ ਬੱਚਤ ਨਾਲ ਉਹ ਸਫ਼ਰ ਦੌਰਾਨ ਆਪਣੇ ਬੱਚਿਆਂ ਨੂੰ ਖਾਣਾ ਖਿਲਾ ਸਕਦਾ ਹੈ। ਕਿਸਾਨਾਂ ਨੂੰ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਅੱਜ ਵੀ ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਸੰਬੋਧਨ ਕਰਨਗੇ।