ਜਲੰਧਰ-ਲੁਧਿਆਣਾ ਸਫਰ ਹੋਇਆ ਮਹਿੰਗਾ, ਲਾਡੋਵਾਲ ਟੋਲ ਪਲਾਜ਼ਾ ਦੇ ਵਧੇ ਰੇਟ

ਲੁਧਿਆਣਾ/ਜਲੰਧਰ, 27 ਅਗਸਤ 2022 – ਪਾਣੀਪਤ-ਜਲੰਧਰ ਛੇ ਮਾਰਗੀ ਪ੍ਰਾਜੈਕਟ ਵਿੱਚ ਸਹੂਲਤਾਂ ਦੀ ਘਾਟ ਦੇ ਬਾਵਜੂਦ ਇੱਕ ਵਾਰ ਫਿਰ ਸਫ਼ਰ ਮਹਿੰਗਾ ਹੋਣ ਜਾ ਰਿਹਾ ਹੈ। ਲੁਧਿਆਣਾ ਦੇ ਲਾਡੋਵਾਲ ਸਥਿਤ ਟੋਲ ਪਲਾਜ਼ਾ ‘ਤੇ 1 ਸਤੰਬਰ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਵਾਧਾ ਕੀਤਾ ਜਾ ਰਿਹਾ ਹੈ। 1 ਸਤੰਬਰ ਤੋਂ ਛੋਟੇ ਚਾਰ ਪਹੀਆ ਵਾਹਨਾਂ ਦਾ ਟੋਲ 25 ਰੁਪਏ ਵਧਣ ਜਾ ਰਿਹਾ ਹੈ।

ਸਿੰਗਲ, ਆਉਣ-ਜਾਣ ਅਤੇ ਮਾਸਿਕ ਪਾਸ ਵਧਣ ਨਾਲ ਲੋਕਾਂ ਨੂੰ ਆਪਣੀਆਂ ਜੇਬਾਂ ਹਲਕਾ ਕਰਨੀਆਂ ਪੈਣਗੀਆਂ। ਮਹੱਤਵਪੂਰਨ ਗੱਲ ਇਹ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦੇ ਸਭ ਤੋਂ ਵਿਅਸਤ ਟੋਲ ਪਲਾਜ਼ਿਆਂ ਵਿੱਚੋਂ ਇੱਕ ਹੈ। ਇਸ ਛੇ ਮਾਰਗੀ ਰਸਤੇ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ। ਦਿੱਲੀ, ਹਰਿਆਣਾ ਅਤੇ ਲੁਧਿਆਣਾ ਤੋਂ ਜਲੰਧਰ ਅਤੇ ਅੰਮ੍ਰਿਤਸਰ ਵੱਲ ਜਾਣ ਵਾਲੇ ਵਾਹਨ ਇਸ ਰਸਤੇ ਤੋਂ ਲੰਘਦੇ ਹਨ।

ਲਾਡੋਵਾਲ ਟੋਲ ਪਲਾਜ਼ਾ ‘ਤੇ ਮੌਜੂਦਾ ਸਮੇਂ ‘ਚ ਇਕ ਕਾਰ ਜੀਪ ਨੂੰ 135 ਰੁਪਏ ਦਾ ਟੋਲ ਦੇਣਾ ਪੈਂਦਾ ਹੈ, ਜੋ ਕਿ 1 ਸਤੰਬਰ ਤੋਂ 150 ਰੁਪਏ ਹੋ ਜਾਵੇਗਾ | ਹਲਕੇ ਵਪਾਰਕ ਵਾਹਨਾਂ ਨੂੰ 235 ਰੁਪਏ ਦੀ ਬਜਾਏ 265 ਰੁਪਏ ਦਾ ਟੋਲ ਦੇਣਾ ਪਵੇਗਾ। ਪਹਿਲੀ ਸਤੰਬਰ ਤੋਂ ਬੱਸਾਂ ਅਤੇ ਟਰੱਕਾਂ ਨੂੰ 465 ਦੀ ਬਜਾਏ 525 ਰੁਪਏ ਦਾ ਟੋਲ ਦੇਣਾ ਪਵੇਗਾ। ਇਸੇ ਤਰ੍ਹਾਂ ਭਾਰੀ ਵਾਹਨਾਂ ਨੂੰ 750 ਰੁਪਏ ਦੀ ਬਜਾਏ 845 ਰੁਪਏ ਦਾ ਟੋਲ ਦੇਣਾ ਪਵੇਗਾ।

ਟੋਲ ਪਲਾਜ਼ਿਆਂ ‘ਤੇ ਬਣਨ ਵਾਲੇ ਮਾਸਿਕ ਪਾਸਾਂ ਦੀ ਕੀਮਤ ਵੀ ਵਧ ਗਈ ਹੈ। 31 ਅਗਸਤ ਤੱਕ ਕਾਰ ਜਾਂ ਜੀਪ ਦਾ ਮਹੀਨਾਵਾਰ ਪਾਸ 3885 ਰੁਪਏ ਵਿੱਚ ਬਣਦਾ ਸੀ, ਜੋ ਹੁਣ 4505 ਰੁਪਏ ਵਿੱਚ ਬਣ ਜਾਵੇਗਾ। ਪਹਿਲਾਂ ਲਾਈਟ ਕਮਰਸ਼ੀਅਲ ਵਹੀਕਲ ਦਾ ਪਾਸ 6975 ਰੁਪਏ ਦਾ ਬਣਦਾ ਸੀ, ਜੋ 1 ਸਤੰਬਰ ਤੋਂ 7880 ਰੁਪਏ ਦਾ ਹੋ ਜਾਵੇਗਾ। ਬੱਸ ਅਤੇ ਟਰੱਕ ਦਾ ਮਹੀਨਾਵਾਰ ਪਾਸ 13955 ਦੀ ਥਾਂ ਹੁਣ 15765 ਰੁਪਏ ਦਾ ਹੋਵੇਗਾ। ਭਾਰੀ ਵਾਹਨਾਂ ਲਈ ਮਹੀਨਾਵਾਰ ਪਾਸ ਪਹਿਲਾਂ 22425 ਰੁਪਏ ਦਾ ਸੀ, ਜੋ ਕਿ 1 ਸਤੰਬਰ ਤੋਂ 25335 ਰੁਪਏ ਵਿੱਚ ਬਣ ਜਾਵੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਇਸ ਸਾਲ 1 ਅਪ੍ਰੈਲ ਨੂੰ ਵੀ ਟੋਲ ਟੈਕਸ ਦੀ ਦਰ ਵਧਾ ਦਿੱਤੀ ਸੀ। 1 ਅਪ੍ਰੈਲ ਤੋਂ ਲੁਧਿਆਣਾ-ਫ਼ਿਰੋਜ਼ਪੁਰ ਰੋਡ ‘ਤੇ ਚੌਕੀਮਾਨ ਨੇੜੇ ਕਾਰ ਚਾਲਕਾਂ ਨੂੰ ਦੂਜੇ ਪਾਸੇ ਚੌਕੀਮਾਨ ਟੋਲ ਪਲਾਜ਼ਾ ‘ਤੇ ਵਾਹਨ ਚਾਲਕ ਨੂੰ 50 ਦੀ ਬਜਾਏ 55 ਰੁਪਏ ਦਾ ਟੋਲ ਟੈਕਸ ਦੇਣਾ ਪੈਂਦਾ ਹੈ, ਜਦਕਿ ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ ‘ਤੇ ਹੁਣ ਟੋਲ ਕਾਰ ਚਾਲਕ ਨੂੰ 60 ਦੀ ਬਜਾਏ 100 ਰੁਪਏ ਦੇਣੇ ਪੈ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Badminton World Championship ‘ਚ ਸਾਤਵਿਕ-ਚਿਰਾਗ ਦੀ ਜੋੜੀ ਨੇ ਜਿੱਤਿਆ ਕਾਂਸੀ ਦਾ ਤਗਮਾ

ਖਹਿਰਾ ਦੀ ਰਾਜਾ ਵੜਿੰਗ ਨੂੰ ਸਲਾਹ; ਇੱਕ ਵਿਅਕਤੀ ਲਈ ਪਾਰਟੀ ਕਾਡਰ ਦੀ ਊਰਜਾ ਬਰਬਾਦ ਨਾ ਕਰੋ