- ਪ੍ਰਧਾਨ ਦਿਲਬਾਗ ਸਮੇਤ 10 ਕਿਸਾਨ ਆਗੂ ਹਿਰਾਸਤ ‘ਚ
- ਟੋਲ ਪਲਾਜ਼ਾ ਦੀ ਸੁਰੱਖਿਆ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
- ਹਾਈਕੋਰਟ ਦੇ ਹੁਕਮਾਂ ‘ਤੇ ਪ੍ਰਸ਼ਾਸਨ ਨੇ ਕੀਤੀ ਕਾਰਵਾਈ
ਲਾਡੋਵਾਲ, 31 ਜੁਲਾਈ 2024 – ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਟੋਲ ਪਲਾਜ਼ਾ ਦੀ ਸੁਰੱਖਿਆ ਲਈ 250 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹਨ। ਕਿਸਾਨ ਅੱਜ ਇੱਕ ਵਾਰ ਫਿਰ ਟੋਲ ਪਲਾਜ਼ਾ ਖਾਲੀ ਕਰਵਾਉਣ ਲਈ ਇਕੱਠੇ ਹੋਣ ਜਾ ਰਹੇ ਸਨ ਪਰ ਜ਼ਿਲ੍ਹਾ ਪੁਲੀਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜਿਵੇਂ ਹੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਟੋਲ ਪਲਾਜ਼ਾ ਨੇੜੇ ਪੁੱਜੇ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਤੱਕ 10 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਟੋਲ ਪਲਾਜ਼ਾ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਜੋ ਵੀ ਟੋਲ ਪਲਾਜ਼ਾ ‘ਤੇ ਸਥਿਤੀ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਪ੍ਰਧਾਨ ਦਿਲਬਾਗ ਨੇ ਦੱਸਿਆ ਕਿ ਕਿਸਾਨਾਂ ਨੇ ਧਿਰ ਬਣਨ ਲਈ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਕਿਹਾ ਕਿ ਉਹ ਇਸ ਕੇਸ ਵਿੱਚ ਧਿਰ ਨਹੀਂ ਬਣ ਸਕਦੇ। ਉਹ ਵੱਖਰੇ ਤੌਰ ‘ਤੇ ਨਵੀਂ ਰਿੱਟ ਦਾਇਰ ਕਰ ਸਕਦੇ ਹਨ। ਹਾਈਕੋਰਟ ਨੇ ਕਿਹਾ ਕਿ NHAI ਟੋਲ ਸ਼ੁਰੂ ਕਰੇ। ਪੰਜਾਬ ਸਰਕਾਰ ਨੇ ਅਦਾਲਤ ਤੋਂ 4 ਹਫ਼ਤਿਆਂ ਦਾ ਸਮਾਂ ਲਿਆ ਹੈ।