ਫਿਰੋਜ਼ਪੁਰ, 1 ਅਪ੍ਰੈਲ 2023 – ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਦੀ ਡਿਊਟੀ ‘ਤੇ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਸਟੇਬਲ ਕੁਲਵਿੰਦਰ ਕੌਰ ਆਪਣੀ ਆਈ-20 ਕਾਰ ਵਿਚ ਫਿਰੋਜ਼ਪੁਰ ਤੋਂ ਜ਼ੀਰਾ ਵੱਲ ਜਾ ਰਹੀ ਸੀ। ਪਿੰਡ ਸੈਂਦੇ ਹਾਸ਼ਮ ਵੱਲ ਗਲਤ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕੁਲਵਿੰਦਰ ਦੀ ਮੌਕੇ ‘ਤੇ ਮੌਤ ਹੋ ਗਈ।
ਥਾਣਾ ਕੁਲਗੜ੍ਹੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਪੁਲੀਸ ਲਾਈਨ ਵਿੱਚ ਤਾਇਨਾਤ ਸੀ। ਕਾਂਸਟੇਬਲ ਦੀ ਗੱਡੀ ਗਲਤ ਦਿਸ਼ਾ ‘ਚ ਆ ਰਹੇ ਟਰੱਕ ਦੀ ਲਪੇਟ ‘ਚ ਆ ਗਈ। ਮਹਿਲਾ ਮੁਲਾਜ਼ਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਦੋਸ਼ੀ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।