ਜ਼ੀਰਾ, 19 ਸਤੰਬਰ 2025 – ਜ਼ੀਰਾ-ਫਿਰੋਜ਼ਪੁਰ ਰੋਡ ‘ਤੇ ਤੇਜ਼ ਰਫ਼ਤਾਰ ਵਾਹਨ ਵੱਲੋਂ ਇੱਕ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਦੌਰਾਨ ਐਕਟਿਵਾ ਸਵਾਰ 2 ਮਹਿਲਾ ਅਧਿਆਪਕਾਂ ‘ਚੋਂ ਇਕ ਦੀ ਮੌਤ ਹੋ ਗਈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਮ੍ਰਿਤਕ ਅਧਿਆਪਕਾ ਦੇ ਸਹੁਰੇ ਨੇ ਦੱਸਿਆ ਕਿ ਉਸਦੀ ਨੂੰਹ ਫਿਰੋਜ਼ਪੁਰ ਰੋਡ ‘ਤੇ ਸਥਿਤ ਇੱਕ ਸਕੂਲ ‘ਚ ਪੜ੍ਹਾਉਂਦੀ ਸੀ।
ਜਦ ਉਹ ਸਕੂਲ ਤੋਂ ਘਰ ਵਾਪਸ ਆਉਣ ਲਈ ਐਕਟਿਵਾ ‘ਤੇ ਸਵਾਰ ਹੋ ਇਕ ਹੋਰ ਅਧਿਆਪਕਾ ਨਾਲ ਆ ਰਹੀ ਸੀ ਤਾਂ ਪਿੱਛੇ ਤੋਂ ਆ ਰਹੇ ਇੱਕ ਵਾਹਨ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਹ ਸਾਰਾ ਮੰਜਰ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਿਆ।
ਇਸ ਦੌਰਾਨ ਦੋਵੇਂ ਮਹਿਲਾ ਅਧਿਆਪਕਾਂ ਐਕਟਿਵਾ ਤੋਂ ਥੱਲੇ ਡਿੱਗ ਗਈਆਂ ਅਤੇ ਐਕਟਿਵਾ ਚਾਲਕ ਅਧਿਆਪਕਾ ਦੀ ਮੌਤ ਹੋ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ੀਰਾ-ਫਿਰੋਜ਼ਪੁਰ ਰੋਡ ‘ਤੇ ਇੱਕ ਅਣਪਛਾਤੇ ਵਾਹਨ ਵੱਲੋਂ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਗਈ ਹੈ, ਜਿਸ ਦੌਰਾਨ ਇਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

