ਤਰਨਤਾਰਨ, 19 ਮਾਰਚ 2022 – ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਪੱਟੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਅੱਜ ਮੰਤਰੀ ਵਜੋਂ ਸਹੁੰ ਚੁੱਕੀ। ਭੁੱਲਰ ਅਕਾਲੀ ਦਲ ਵਰਗੀ ਰਵਾਇਤੀ ਪਾਰਟੀ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ ਸਨ।
ਲਾਲਜੀਤ ਭੁੱਲਰ ਇਸ ਵਾਰ ਪੱਟੀ ਸੀਟ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ।
41 ਸਾਲਾ ਲਾਲਜੀਤ ਸਿੰਘ ਭੁੱਲਰ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਸ ਕੋਲ ਵਾਹੀ ਲਈ 60 ਏਕੜ ਜ਼ਮੀਨ ਹੈ। ਉਹ ਪੱਟੀ ਅਨਾਜ ਮੰਡੀ ਵਿੱਚ ਆੜ੍ਹਤੀ ਵੀ ਹਨ। ਉਸਨੇ ਆਪਣਾ ਸਿਆਸੀ ਜੀਵਨ ਅਕਾਲੀ ਦਲ ਦੇ ਵਰਕਰ ਵਜੋਂ ਸ਼ੁਰੂ ਕੀਤਾ ਅਤੇ 2015 ਤੱਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਕੱਟੜ ਸਮਰਥਕ ਰਹੇ। ਪਰ 2015 ਵਿੱਚ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਛੱਡ ਦਿੱਤੀ ਸੀ।
ਅਕਾਲੀ ਦਲ ਛੱਡਣ ਤੋਂ ਬਾਅਦ ਲਾਲਜੀਤ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। 2017 ਦੀਆਂ ਚੋਣਾਂ ਵਿੱਚ ਹਰਮਿੰਦਰ ਸਿੰਘ ਗਿੱਲ ਪੱਟੀ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਕੇ ਵਿਧਾਇਕ ਬਣੇ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਟਿਕਟ ਦਿੱਤੀ ਸੀ। ਪੱਟੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਲੋਕ ਸਭਾ ਹਲਕਾ ਵਿੱਚ ਆਉਂਦਾ ਹੈ। ਲਾਲਜੀਤ ਭੁੱਲਰ ਨੇ ਬੀਬੀ ਜਗੀਰ ਕੌਰ ਲਈ ਚੋਣਾਂ ਵਿੱਚ ਕੰਮ ਕੀਤਾ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਸੀਟ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਹਾਰ ਤੋਂ ਬਾਅਦ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਪ੍ਰਭਾਵਿਤ ਹੋ ਕੇ ਲਾਲਜੀਤ ਸਿੰਘ ਭੁੱਲਰ ‘ਆਪ’ ਵਿੱਚ ਸ਼ਾਮਲ ਹੋ ਗਏ। ਫਰਵਰੀ 2021 ਵਿੱਚ ਹੋਈਆਂ ਪੱਟੀ ਨਗਰ ਕੌਂਸਲ ਚੋਣਾਂ ਵਿੱਚ ਲਾਲਜੀਤ ਭੁੱਲਰ ਨੇ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
‘ਆਪ’ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਪੱਟੀ ਸੀਟ ਤੋਂ ਲਾਲਜੀਤ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਸੀ। ਚੋਣ ਪ੍ਰਚਾਰ ਦੌਰਾਨ ਇੱਥੇ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਸੀ ਪਰ ਭੁੱਲਰ ਅਕਾਲੀ ਦਲ ਦੀ ਵੋਟ ਤੋੜਨ ਵਿੱਚ ਸਫਲ ਰਹੇ। ਭੁੱਲਰ ਨੂੰ 57,323 ਜਦਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 46,324 ਵੋਟਾਂ ਮਿਲੀਆਂ। ਇਸ ਤਰ੍ਹਾਂ ਭੁੱਲਰ 10999 ਵੋਟਾਂ ਨਾਲ ਜੇਤੂ ਰਹੇ।