ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਸਮੇਤ ਨਿੱਜੀ ਦਸਤਾਵੇਜ਼ ਪ੍ਰਾਪਤ ਕਰਨ ਸਬੰਧੀ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਹੋਈਆਂ ਪ੍ਰਾਪਤ – ਪੁਲਿਸ

— ਸਰਕਾਰੀ ਯੋਜਨਾਵਾਂ ਤਹਿਤ ਭਰਤੀ ਕਰਾਉਣ ਦੇ ਲਾਲਚ ਹੇਠ ਸਥਾਨਕ ਨਿਵਾਸੀਆਂ ਨੂੰ ਨਿੱਜੀ ਦਸਤਾਵੇਜ਼ ਦੇਣ ਲਈ ਉਕਸਾ ਰਹੇ ਹਨ ਕੁਝ ਲੋਕ
— ਸਰਕਾਰੀ ਕੰਮ ਕਰਵਾਉਣ ਲਈ ਖੁਦ ਨੂੰ ਵਿਸ਼ੇਸ਼ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਵੱਲੋਂ ਪੈਸਾ (ਕਮਿਸ਼ਨ) ਇਕੱਠਾ ਕਰਨ ਦੀਆਂ ਮਿਲ ਰਹੀਆਂ ਹਨ ਸ਼ਿਕਾਇਤਾਂ
— ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਸਰਕਾਰੀ ਕੰਮ ਕਰਵਾਉਣ ਲਈ ਪੰਜਾਬ ਸਰਕਾਰ ਦੁਆਰਾ ਸਥਾਪਤ ਸੇਵਾ ਕੇਂਦਰਾਂ ਦੀ ਹੀ ਵਰਤੋਂ ਕਰਨ ਅਤੇ ਕਿਸੇ ਨੂੰ ਵੀ ਕਮਿਸ਼ਨ ਨਾ ਦੇਣ
— ਜੇਕਰ ਤੁਹਾਡੇ ਖੇਤਰ ਵਿਚ ਅਜਿਹਾ ਕੋਈ ਗੈਰ-ਕਾਨੂੰਨੀ ਕੈਂਪ ਹੈ ਤਾਂ ਪੁਲਿਸ ਨੂੰ ਸੂਚਿਤ ਕਰੋ

ਚੰਡੀਗੜ੍ਹ, 22 ਅਗਸਤ 2025 – ਪਿਛਲੇ 24 ਘੰਟਿਆਂ ਵਿੱਚ, ਪੰਜਾਬ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਕੁਝ ਲੋਕ, ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਤੋਂ ਹੋਣ ਦਾ ਦਾਅਵਾ ਕਰਦੇ ਹੋਏ, ਨਾ ਸਿਰਫ ਲੋਕਾਂ ਦਾ ਨਿੱਜੀ ਡੇਟਾ ਇਕੱਠਾ ਕਰ ਰਹੇ ਹਨ, ਸਗੋਂ ਲੋਕਾਂ ਦੇ ਸਰਕਾਰੀ ਕੰਮ ਕਰਵਾਉਣ ਲਈ ਉਹਨਾਂ ਤੋੰ ਕਮਿਸ਼ਨ ਦੇ ਰੂਪ ਵਿੱਚ ਪੈਸੇ ਵੀ ਇਕੱਠੇ ਕਰ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕੁਝ ਨਾਗਰਿਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਅਜਿਹੇ ਕੁਝ ਵਿਅਕਤੀਆਂ ਨੇ ਖੁਦ ਨੂੰ ਇੱਕ ਖਾਸ ਰਾਜਨੀਤਕ ਪਾਰਟੀ ਨਾਲ ਸਬੰਧਤ ਦੱਸਕੇ ਉਹਨਾਂ ਨਾਲ ਸੰਪਰਕ ਕੀਤਾ ਅਤੇ ਵਰਗਲਾ ਕੇ ਉਨ੍ਹਾਂ (ਸਥਾਨਕ ਲੋਕਾਂ) ਤੋਂ ਉਹਨਾਂ ਦੇ ਬੈਂਕ ਖਾਤਾ ਨੰਬਰ ਲੈ ਲਏ ਅਤੇ ਬਾਅਦ ਵਿੱਚ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਹੋ ਗਏ।

ਬੁਲਾਰੇ ਨੇ ਅੱਗੇ ਕਿਹਾ ਕਿ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਸਮਾਜ ਵਿਰੋਧੀ ਅਨਸਰਾਂ ਤੋਂ ਦੂਰ ਰਹਿਣ ਅਤੇ ਕਿਸੇ ਨੂੰ ਵੀ ਕੋਈ ਨਿੱਜੀ ਡੇਟਾ ਨਾ ਦੇਣ ਕਿਉਂਕਿ ਇਸਦੀ ਦੁਰਵਰਤੋਂ ਹੋ ਸਕਦੀ ਹੈ। ਲੋਕਾਂ ਨੂੰ ਆਪਣਾ ਸਰਕਾਰੀ ਕੰਮ ਕਰਵਾਉਣ ਲਈ ਅਜਿਹੇ ਕਿਸੇ ਵੀ ਨਿੱਜੀ ਗੈਰ-ਕਾਨੂੰਨੀ ਲੋਕਾਂ ਕੋਲ ਵੀ ਨਹੀਂ ਜਾਣਾ ਚਾਹੀਦਾ। ਸਰਕਾਰ ਨੇ ਪੰਜਾਬ ਭਰ ਵਿੱਚ ਬਹੁਤ ਸਾਰੇ ‘ਸੇਵਾ ਕੇਂਦਰ’ ਸਥਾਪਤ ਕੀਤੇ ਹਨ। ਲੋਕ ਆਪਣੇ ਸਰਕਾਰੀ ਕੰਮ ਲਈ ਕਿਸੇ ਵੀ ‘ਸੇਵਾ ਕੇਂਦਰ’ ਜਾਂ ਪੰਜਾਬ ਸਰਕਾਰ ਦੇ ਕਿਸੇ ਵੀ ਦਫ਼ਤਰ ਤੱਕ ਪਹੁੰਚ ਕਰ ਸਕਦੇ ਹਨ। ਲੋਕਾਂ ਨੂੰ ਕਿਸੇ ਵੀ ਸਰਕਾਰੀ ਕੰਮ ਲਈ ਕਿਸੇ ਰਾਜਨੀਤਿਕ ਪਾਰਟੀ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਕਮਿਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ।

ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦੇ ਖੇਤਰ ਵਿੱਚ ਅਜਿਹੇ ਕੋਈ ਗੈਰ-ਕਾਨੂੰਨੀ ਕੈਂਪ ਲਗਾਏ ਗਏ ਹਨ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ।

ਬੁਲਾਰੇ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋੰ ਰਿਪੋਰਟਾਂ ਮਿਲੀਆਂ ਸਨ ਕਿ ਕੁਝ ਵਿਅਕਤੀ ਸਥਾਨਕ ਨਿਵਾਸੀਆਂ ਦਾ ਨਿੱਜੀ ਡੇਟਾ ਗੈਰ-ਕਾਨੂੰਨੀ ਤੌਰ ‘ਤੇ ਇਕੱਠਾ ਕਰ ਰਹੇ ਹਨ, ਰਾਜ ਸਰਕਾਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਨਿੱਜੀ ਜਾਣਕਾਰੀ ਅਣਅਧਿਕਾਰਤ ਵਿਅਕਤੀਆਂ ਜਾਂ ਏਜੰਸੀਆਂ ਨਾਲ ਸਾਂਝੀ ਨਾ ਕਰਨ, ਕਿਉਂਕਿ ਇਸਦੀ ਕਿਸੇ ਵੀ ਰੂਪ ਵਿਚ ਦੁਰਵਰਤੋਂ ਹੋ ਸਕਦੀ ਹੈ। ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਅਜਿਹੀ ਕਿਸੇ ਵੀ ਘਟਨਾ ਦੀ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬੀ ਸਿੱਖ ਕਾਰੋਬਾਰੀ ਨੇ ਗੁਰੂਗ੍ਰਾਮ ਵਿੱਚ ਖਰੀਦਿਆ ₹100 ਕਰੋੜ ਦਾ ਫਲੈਟ

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਗ੍ਰਿਫਤਾਰ