- ਪਿ+ਸਤੌਲ ਬਰਾਮਦ ਕਰਨ ਲਈ ਲੈ ਗਈ ਸੀ ਪੁਲਿਸ
- ਉਸੇ ਪਿ+ਸਤੌਲ ਨਾਲ ਪੁਲਿਸ ‘ਤੇ ਕੀਤੀ ਫਾ+ਇਰਿੰਗ
- ਪੁਲਿਸ ਦੀ ਜਵਾਬੀ ਕਾਰਵਾਈ ‘ਚ ਗੈਂਗਸਟਰ ਨੂੰ ਲੱਗੀ ਗੋ+ਲੀ
- ਇਲਾਜ ਲਈ ਸਰਕਾਰੀ ਹਸਪਤਾਲ ਕਰਵਾਇਆ ਗਿਆ ਦਾਖਲ
ਮਾਨਸਾ, 15 ਦਸੰਬਰ 2023 – ਮਾਨਸਾ ‘ਚ ਵੀਰਵਾਰ ਦੇਰ ਰਾਤ ਗੈਂਗਸਟਰ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਗੋਲੀਆਂ ਗੈਂਗਸਟਰ ਪਰਮਜੀਤ ਸਿੰਘ ਪੰਮਾ ਵੱਲੋਂ ਚਲਾਈਆਂ ਗਈਆਂ ਸਨ ਜੋ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਦੀ ਕੋਸ਼ਿਸ਼ ਰਿਹਾ ਸੀ। ਜਿਸ ਨੂੰ ਬੀਤੇ ਦਿਨ ਹੀ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫਤਾਰ ਕੀਤਾ ਸੀ। ਮੁਕਾਬਲੇ ਵਿੱਚ ਗੋਲੀ ਪੰਮਾ ਦੇ ਗਿੱਟੇ ਵਿੱਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਥਾਨਕ ਪੁਲੀਸ ਨੇ ਦੱਸਿਆ ਕਿ 26 ਨਵੰਬਰ ਨੂੰ ਮਾਨਸਾ ਦੇ ਸਿਟੀ ਥਾਣੇ ਵਿੱਚ 307 ਦਾ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਤਿੰਨ ਦੋਸ਼ੀ ਸਨ। ਕੱਲ੍ਹ ਸੀਆਈਏ ਮਾਨਸਾ ਨੇ ਗੈਂਗਸਟਰ ਪੰਮਾ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਮਾ ਦੇ ਸਾਥੀਆਂ ਨੇ ਆਪਣੇ ਹਥਿਆਰ ਪੁਲੀਸ ਨੂੰ ਸੌਂਪ ਦਿੱਤੇ ਪਰ ਪੰਮਾ ਨੇ ਗੋਬਿੰਦਪੁਰਾ ਰੋਡ ’ਤੇ ਟੋਲ ਨੇੜੇ ਹਥਿਆਰ ਛੁਪਾਉਣ ਦੀ ਗੱਲ ਕਹੀ।
ਰਾਤ ਸਮੇਂ ਸੀ.ਆਈ.ਏ ਦੀ ਟੀਮ ਸੁਰਜੀਤ ਸਿੰਘ ਦੀ ਨਿਗਰਾਨੀ ਹੇਠ ਪੰਮਾ ਨੂੰ ਸ੍ਰੀ ਗੋਬਿੰਦਪੁਰਾ ਰੋਡ ’ਤੇ ਟੋਲ ਨੇੜੇ ਲੈ ਕੇ ਗਈ। ਜਿਸ ਬਾਰੇ ਐਸਐਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਪੰਮਾ ਨੇ ਆਪਣਾ ਛੁਪਾਇਆ ਹਥਿਆਰ ਕੱਢ ਲਿਆ ਅਤੇ ਪੁਲੀਸ ਹਵਾਲੇ ਕਰਨ ਦੀ ਬਜਾਏ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਚਾਰਜ ਸੰਭਾਲ ਲਿਆ ਅਤੇ ਕਰਾਸ ਫਾਇਰਿੰਗ ਕੀਤੀ। ਜਿਵੇਂ ਹੀ ਪੰਮਾ ਭੱਜਣ ਲੱਗਿਆ, ਪੁਲਿਸ ਟੀਮ ਨੇ ਉਸਦੀ ਲੱਤ ‘ਤੇ ਨਿਸ਼ਾਨਾ ਲਗਾਉਂਦੇ ਹੋਏ ਉਸ ‘ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੰਮਾ ਜ਼ਖਮੀ ਹੋ ਕੇ ਉਥੇ ਹੀ ਡਿੱਗ ਗਿਆ।
ਹੁਣ ਪੰਮਾ ਫਿਰ ਤੋਂ ਪੁਲਿਸ ਹਿਰਾਸਤ ਵਿੱਚ ਹੈ। ਉਸ ਖ਼ਿਲਾਫ਼ ਪੁਲੀਸ ’ਤੇ ਗੋਲੀ ਚਲਾਉਣ ਅਤੇ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜਦਕਿ ਪੰਮਾ ਏ ਸ਼੍ਰੇਣੀ ਦਾ ਅਪਰਾਧੀ ਹੈ। ਜਿਸ ‘ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ 13 ਐੱਫ.ਆਈ.ਆਰ. ਦਰਜ ਹਨ। ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਦੇ ਮਾਮਲੇ ਪ੍ਰਮੁੱਖ ਹਨ।