ਅਧਿਆਪਕ ਦਿਵਸ ਮੌਕੇ 5994 ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ

  • 5994 ਅਧਿਆਪਕਾਂ ਦੀ ਭਰਤੀ ਸਿੰਗਲ ਲਿਸਟ ਵਿੱਚ ਪੂਰੀ ਕਰਨ ਦੀ ਮੰਗ

ਸੰਗਰੂਰ, 05 ਸਤੰਬਰ 2023 – ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਪੂਰੀ ਕਰਵਾਉਣ ਲਈ ਪੈਰਵਾਈ ਕਰ ਰਹੀ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀ 11 ਮੈਂਬਰੀ ਸੂਬਾ ਕਮੇਟੀ ਦੀ ਅਗਵਾਈ ਹੇਠ ਮੰਗਲਵਾਰ ਨੂੰ ‘ਅਧਿਆਪਕ ਦਿਵਸ’ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਜਾ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਫੋਰਸ ਨੇ ਜਮ ਕੇ ਲਾਠੀਚਾਰਜ ਕੀਤਾ। ਜਿਸ ਦੌਰਾਨ ਕੁੜੀਆਂ ਦੀਆਂ ਚੁੰਨੀਆਂ ਤੇ ਨੌਜਵਾਨਾਂ ਦੀਆਂ ਪੱਗਾਂ ਪੈਰਾਂ ਵਿੱਚ ਰੋਲੀਆਂ ਗਈਆਂ। ਇਸ ਲਾਠੀਚਾਰਜ ਦੌਰਾਨ ਵੱਡੀ ਗਿਣਤੀ ਬੇਰੁਜਗਾਰ ਅਧਿਆਪਕ ਜਖਮੀ ਹੋਏ।

ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸਮੂਹ ਈਟੀਟੀ ਕਾਡਰ ਮੰਗਲਵਾਰ ਸਵੇਰੇ 10.30 ਵਜੇ ਵੇਰਕਾ ਪਲਾਂਟ ਸੰਗਰੂਰ ਵਿਖੇ ਇਕੱਤਰ ਹੋਇਆ। ਜਿਸ ਤੋਂ ਬਾਅਦ ਲਗਭਗ ਇੱਕ ਵਜੇ ਮੁੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਰੋਸ ਮਾਰਚ ਆਰੰਭ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ 11 ਮੈਂਬਰੀ ਸੂਬਾ ਕਮੇਟੀ ਮੈਂਬਰ ਬਲਿਹਾਰ ਸਿੰਘ ਬੱਲੀ, ਪਰਮਪਾਲ, ਬੱਗਾ ਖੁਡਾਲ, ਕੁਲਵਿੰਦਰ ਸਿੰਘ ਬਰੇਟਾ, ਅਮਨ ਖੰਨਾ, ਹਰੀਸ਼, ਪਰਗਟ ਬੋਹਾ, ਅਰਸ਼ ਬਠਿੰਡਾ, ਪ੍ਰਿਥਵੀ ਵਰਮਾ ਅਤੇ ਬੰਟੀ ਅਬੋਹਰ ਨੇ ਦੱਸਿਆ ਕਿ 5994 ਭਰਤੀ ਪੂਰੀ ਕਰਨ ਲਈ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਵਿਭਾਗ ਦੇ ਵੱਖ-ਵੱਖ ਉੱਚ ਅਧਿਕਾਰੀਆਂ ਨਾਲ ਅਨੇਕਾਂ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਇਨ੍ਹਾਂ ਮੀਟਿੰਗਾਂ ਦੌਰਾਨ ਟਾਲ-ਮਟੋਲ ਅਤੇ ਭਰੋਸੇ ਤੋਂ ਇਲਾਵਾ ਕੁਝ ਨਹੀ ਮਿਲਿਆ।

ਇਨ੍ਹਾਂ ਮੀਟਿੰਗਾਂ ਦੌਰਾਨ ਕੋਈ ਹੱਲ ਨਾ ਨਿੱਕਲਣ ਤੋਂ ਖਫਾ ਹੋ ਕੇ ਯੂਨੀਅਨ ਨੂੰ ਮਜਬੂਰੀ ਵਸ ਸੰਗਰੂਰ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ। ਜਿਸ ਵਿੱਚ 3000 ਅਸਾਮੀਆਂ ਫਰੈਸ਼ ਅਤੇ 2994 ਬੈਕਲਾਗ ਹੈ। ਯੂਨੀਅਨ ਦੀ ਮੰਗ ਹੈ ਕਿ ਬੈਕਲਾਗ ਪਈਆਂ 2994 ਅਸਾਮੀਆਂ ਨੂੰ ਡੀ-ਰਿਜਰਵ ਕਰਕੇ ਭਰਤੀ ‘ਸਿੰਗਲ ਲਿਸਟ’ ਵਿੱਚ ਪੂਰੀ ਕੀਤੀ ਜਾਵੇ।


ਆਗੂਆਂ ਨੇ ਆਖਿਆ ਕਿ ਆਪ ਸਰਕਾਰ ਆਉਣ ਤੋਂ ਪਹਿਲਾਂ ਬੇਰੁਜਗਾਰਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਆਪ ਸਰਕਾਰ ਸੱਤਾ ਵਿੱਚ ਆਉਣ ਦੇ ਬਾਵਜੂਦ ਵੀ ਬੇਰੁਜ਼ਗਾਰ ਸੜਕਾਂ ’ਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।

ਜੁਲਾਈ ’ਚ ਭਰਤੀ ਪੂਰੀ ਕਰਨ ਦਾ ਕੀਤਾ ਸੀ ਦਾਅਵਾ
ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਕਤ ਭਰਤੀ ਜੁਲਾਈ ਮਹੀਨੇ ਦੇ ਅੰਦਰ-ਅੰਦਰ ਪੂਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦਾ ਵਾਅਦਾ ਅਜੇ ਤੱਕ ਵਫਾ ਨਹੀ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਉਕਤ 5994 ਅਧਿਆਪਕਾਂ ਨੂੰ ਜੁਲਾਈ ਮਹੀਨੇ ਦੌਰਾਨ ਸਕੂਲਾਂ ਵਿੱਚ ਜੁਆਇਨ ਕਰਵਾਉਣ ਦਾ ਐਲਾਨ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀ ਹੋਇਆ।

5 ਮਾਰਚ ਨੂੰ ਹੋਈ ਸੀ ਪ੍ਰੀਖਿਆ
ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 5 ਮਾਰਚ 2023 ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਸਥਾਪਤ ਕੀਤੇ ਗਏ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਹੋਈ ਸੀ। ਉਕਤ ਪ੍ਰੀਖਿਆ ਨੂੰ ਅੱਜ ਲਗਭਗ 7 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਪੰਜਾਬ ਸਰਕਾਰ ਤੇ ਸਕੂਲੀ ਸਿੱਖਿਆ ਵਿਭਾਗ ਦੀਆਂ ਡੰਗ ਟਪਾਊ ਨੀਤੀਆਂ ਕਾਰਨ ਉਕਤ ਭਰਤੀ ਨੇਪਰੇ ਨਹੀ ਚੜ੍ਹ ਸਕੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ODI World Cup ਲਈ ਭਾਰਤੀ ਟੀਮ ਦਾ ਐਲਾਨ: ਪੜ੍ਹੋ ਕਿਸ-ਕਿਸ ਨੂੰ ਮਿਲਿਆ ਮੌਕਾ

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਾਈ ਜਾਵੇਗੀ – SGPC ਪ੍ਰਧਾਨ