ਚੰਡੀਗੜ੍ਹ, 23 ਨਵੰਬਰ 2022 – ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਲਾਰੈਂਸ ਅਤੇ ਸੰਪਤ ਨਹਿਰਾ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਗਿਰੋਹ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਖਿਲਾਫ ਪਹਿਲਾਂ ਵੀ 3 ਅਪਰਾਧਿਕ ਮਾਮਲੇ ਦਰਜ ਹਨ।
ਮੁਲਜ਼ਮ ਦੀ ਪਛਾਣ ਅਮਨਦੀਪ ਜੋਸ਼ੀ ਉਰਫ਼ ਰਾਜਬੀਰ ਜੋਸ਼ੀ (31) ਵਾਸੀ ਬਲੌਂਗੀ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਉਸ ਖ਼ਿਲਾਫ਼ ਮਲੋਆ ਥਾਣੇ ਵਿੱਚ ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਲਿਆ ਗਿਆ ਹੈ।
ਅਪਰੇਸ਼ਨ ਸੈੱਲ ਅਨੁਸਾਰ ਪੁਲੀਸ ਨੇ ਮਲੋਆ ਪਿੰਡ ਤੋਗਾਂ ਦੇ ਮੋੜ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਸ ਨੂੰ ਫੜ ਲਿਆ ਗਿਆ। ਪੁਲਸ ਨੇ ਉਸ ਦੇ ਕਬਜ਼ੇ ‘ਚੋਂ 123 ਗ੍ਰਾਮ ਹੈਰੋਇਨ ਬਰਾਮਦ ਕੀਤੀ। ਆਪਰੇਸ਼ਨ ਸੈੱਲ ਨੇ ਦੱਸਿਆ ਕਿ ਅਮਨਦੀਪ ਖਿਲਾਫ ਪਹਿਲਾਂ ਵੀ 3 ਅਪਰਾਧਿਕ ਮਾਮਲੇ ਦਰਜ ਹਨ।
ਇਨ੍ਹਾਂ ਵਿੱਚੋਂ ਇੱਕ ਮਾਮਲਾ ਸਾਲ 2013 ਵਿੱਚ ਬਲੌਂਗੀ ਥਾਣੇ ਵਿੱਚ ਦਰਜ ਹੋਇਆ ਸੀ। ਦੂਜਾ ਮਾਮਲਾ ਸਾਲ 2014 ਵਿੱਚ ਪੰਚਕੂਲਾ ਵਿੱਚ ਅਤੇ ਤੀਜਾ ਕੇਸ ਬਲੌਂਗੀ ਥਾਣੇ ਵਿੱਚ ਸਾਲ 2015 ਵਿੱਚ ਦਰਜ ਕੀਤਾ ਗਿਆ ਸੀ। ਉਹ ਖਰੜ ਅਦਾਲਤ ਵਿੱਚੋਂ ਵੀ ਇੱਕ ਕੇਸ ਵਿੱਚ ਭਗੌੜਾ ਹੈ। ਉਹ 12ਵੀਂ ਪਾਸ ਹੈ ਅਤੇ ਕੇਟਰਿੰਗ ਦਾ ਕੰਮ ਕਰਦਾ ਸੀ।
ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਅਮਨਦੀਪ ਲਾਰੈਂਸ ਦੇ ਗਰੋਹ ਲਈ ਕੰਮ ਕਰਦਾ ਸੀ ਅਤੇ ਪੁਲਿਸ ਹਿਰਾਸਤ ਵਿੱਚ ਅਪਰਾਧੀਆਂ ਨੂੰ ਕੱਪੜੇ ਅਤੇ ਖਾਣ-ਪੀਣ ਦਾ ਸਮਾਨ ਦਿੰਦਾ ਸੀ। ਪੁਲਿਸ ਪੁੱਛਗਿੱਛ ਵਿਚ ਉਸਨੇ ਮੰਨਿਆ ਕਿ ਉਹ ਅਜੇ ਵੀ ਆਪਣੇ ਗਿਰੋਹ ਦੇ ਮੈਂਬਰਾਂ ਦੇ ਸੰਪਰਕ ਵਿਚ ਹੈ, ਜੋ ਕਿ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ। ਜਦੋਂ ਪੁਲੀਸ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਖਰੜ ਲੈ ਕੇ ਆਈ ਤਾਂ ਅਮਨਦੀਪ ਨੇ ਉਸ ਨੂੰ ਕੱਪੜੇ ਦੇ ਦਿੱਤੇ।