ਮਾਨਸਾ, 15 ਜੂਨ 2022 – ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲਿਸ ਵਲੋਂ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੀ ਪ੍ਰਵਾਨਗੀ ਤੋਂ ਬਾਅਦ ਦੇਰ ਰਾਤ ਮਾਨਸਾ ਲਿਆਂਦਾ ਗਿਆ। ਅੱਜ ਸਵੇਰੇ 4.30 ਵਜੇ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਲਾਰੈਂਸ ਬਿਸ਼ਨੋਈ ਦਾ 7 ਦਿਨ ਦੇ ਲਈ ਪੁਲਿਸ ਰਿਮਾਂਡ ਦਿੱਤਾ ਗਿਆ ਹੈ, ਜਿਸ ਤੋ ਬਾਅਦ ਉਸ ਨੂੰ ਮੈਡੀਕਲ ਚੈੱਕਅਪ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਮੈਡੀਕਲ ਚੈੱਕਅਪ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿੱਚ ਪੁੱਛਗਿੱਛ ਦੇ ਲਈ ਮਾਨਸਾ ਪੁਲਿਸ ਵਲੋਂ ਪੂਰੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਮਾਨਸਾ ਲਿਆਂਦਾ ਗਿਆ। ਜਹਾਨ ਖੇਲਾਂ ਅਤੇ ਖਰੜ ਵਿਖੇ ਪੁੱਛਗਿਛ ਦੇ ਲਈ ਪੁਲਿਸ ਵਾਪਸ ਖਰੜ ਲਈ ਰਵਾਨਾ ਹੋ ਗਈ।
ਇਸ ਤੋਂ ਪਹਿਲਾਂ ਬੀਤੀ ਸ਼ਾਮ ਨੂੰ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਸੀ।
ਪਟਿਆਲਾ ਹਾਈਕੋਰਟ ‘ਚ ਸੁਣਵਾਈ ਦੌਰਾਨ ਬਿਸ਼ਨੋਈ ਦੇ ਵਕੀਲਾਂ ਨੇ ਉਸ ਦੇ ਐਨਕਾਊਂਟਰ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ‘ਤੇ ਪੰਜਾਬ ਪੁਲਸ ਨੇ ਕਿਹਾ ਕਿ ਉਹ ਪੂਰੀ ਫੋਰਸ ਲੈ ਕੇ ਆਏ ਹਨ ਅਤੇ ਪੂਰੇ ਰਸਤੇ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਇਸ ’ਤੇ ਬਿਸ਼ਨੋਈ ਦੇ ਵਕੀਲਾਂ ਨੇ ਅਦਾਲਤ ਨੂੰ ਕਿਹਾ ਕਿ ਪੰਜਾਬ ਪੁਲਿਸ ਬਿਸ਼ਨੋਈ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਵਿੱਚ ਪੁੱਛ-ਪੜਤਾਲ ਕਰੇ ਅਤੇ ਜੇਕਰ ਗੈਂਗਸਟਰ ਨੂੰ ਪੰਜਾਬ ਲਿਜਾਣਾ ਹੈ ਤਾਂ ਉਸ ਨੂੰ ਹਥਕੜੀਆਂ ਅਤੇ ਬੇੜੀਆਂ ਪਾ ਕੇ ਲਿਜਾਇਆ ਜਾਵੇ, ਤਾਂ ਜੋ ਪੁਲਿਸ ਕਿਸੇ ਵੀ ਸੂਰਤ ਵਿੱਚ ਨਾ ਕਹੇ ਕਿ ਬਿਸ਼ਨੋਈ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।