ਮਾਨਸਾ, 16 ਜੂਨ 2022 – ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲਿਸ ਪੁੱਛਗਿੱਛ ਵਿੱਚ ਜੁਟੀ ਹੋਈ ਹੈ। ਵਿਸ਼ੇਸ਼ ਜਾਂਚ ਟੀਮ ਤੋਂ ਇਲਾਵਾ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਕਾਊਂਟਰ ਇੰਟੈਲੀਜੈਂਸ, ਸਟੇਟ ਕ੍ਰਾਈਮ ਸੈੱਲ ਦੇ ਅਧਿਕਾਰੀਆਂ ਵੱਲੋਂ ਲਾਰੇਂਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਖਰੜ ਸਥਿਤ ਸੀਆਈਏ ਦਫ਼ਤਰ ਵਿੱਚ ਕਰੀਬ ਢਾਈ ਘੰਟੇ ਤੱਕ ਚੱਲੀ ਪੁੱਛਗਿੱਛ ਦੌਰਾਨ ਲਾਰੈਂਸ ਨੇ ਪੁਲੀਸ ਅਧਿਕਾਰੀਆਂ ਦੇ ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਲਾਰੈਂਸ ਤੋਂ ਪੁੱਛਗਿੱਛ ਲਈ ਸਵਾਲਾਂ ਦੀ ਲੰਬੀ ਸੂਚੀ ਤਿਆਰ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਨੂੰ ਜੇਲ੍ਹ ‘ਚ ਬੈਠ ਕੇ ਮਾਰਨ ਦੀ ਸਾਜ਼ਿਸ਼ ਕਿਵੇਂ ਰਚੀ ਗਈ, ਐਨ 94 ਹਥਿਆਰ ਕਿੱਥੋਂ ਲਿਆਂਦੇ ਗਏ, ਵਿਦੇਸ਼ ‘ਚ ਵਸੇ ਗੈਂਗਸਟਰਾਂ ਨਾਲ ਉਸ ਨੇ ਕਿਵੇਂ ਸੰਪਰਕ ਰੱਖਿਆ ਤੇ ਸਿੱਧੂ ਮੂਸੇਵਾਲਾ ਨਾਲ ਕੀ ਦੁਸ਼ਮਣੀ ਸੀ ਆਦਿ ਸਵਾਲ ਲਾਰੈਂਸ ਨੂੰ ਪੁੱਛੇ ਗਏ, ਪਰ ਉਸ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ।
ਸੂਤਰਾਂ ਅਨੁਸਾਰ ਪੁਲੀਸ ਮੰਗਲਵਾਰ ਰਾਤ ਹੀ ਲਾਰੇਂਸ ਬਿਸ਼ਨੋਈ ਦੇ ਮੁੱਖ ਸ਼ਾਰਪਸ਼ੂਟਰ ਮੋਨੂੰ ਡਾਗਰ ਨੂੰ ਮੋਗਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਸੀਆਈਏ ਸਟਾਫ਼ ਖਰੜ ਲੈ ਕੇ ਆਈ ਸੀ। ਤਾਂ ਜੋ ਦੋਵਾਂ ਗੈਂਗਸਟਰਾਂ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਕੀਤੀ ਜਾ ਸਕੇ। ਡੀਐਸਪੀ ਬ੍ਰਿਕਮ ਬਰੈਡ, ਮਾਨਸਾ ਦੇ ਡੀਐਸਪੀ ਹੇਮੰਤ ਸ਼ਰਮਾ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਅਤੇ ਮੋਨੂੰ ਡਾਗਰ ਤੋਂ ਕਈ ਸਵਾਲ ਪੁੱਛੇ। ਪਰ ਦੋਵਾਂ ਨੇ ਸਵਾਲਾਂ ਦੇ ਗੋਲ-ਗੋਲ ਜਵਾਬ ਦਿੱਤੇ, ਜਿਸ ਤੋਂ ਪੁਲਿਸ ਦੀ ਤਸੱਲੀ ਨਹੀਂ ਹੋਈ।
![](https://thekhabarsaar.com/wp-content/uploads/2022/09/future-maker-3.jpeg)
ਇਸ ਤੋਂ ਪਹਿਲਾਂ ਪੰਜਾਬ ਪੁਲੀਸ ਰਾਤ ਦੋ ਵਜੇ ਲਾਰੈਂਸ ਬਿਸ਼ਨੋਈ ਨਾਲ ਦਿੱਲੀ ਤੋਂ ਮਾਨਸਾ ਪੁੱਜੀ। ਲਾਰੈਂਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਬੁੱਧਵਾਰ ਸਵੇਰੇ 4 ਵਜੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲੀਸ ਨੇ ਉਸ ਦਾ ਦਸ ਦਿਨ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਉਸ ਨੂੰ ਸੱਤ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ।
ਇਸ ਤੋਂ ਬਾਅਦ ਪੁਲੀਸ ਨੇ ਮਾਨਸਾ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਲਾਰੈਂਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸਵੇਰੇ 8.20 ਵਜੇ ਖਰੜ ਲਿਆਂਦਾ। ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਿੰਡ ਜਵਾਹਰਕੇ ਨੇੜੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਮੌਤ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਨੇ ਲਈ ਸੀ।
ਸੂਤਰਾਂ ਅਨੁਸਾਰ ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਹਰਿਆਣਾ ਦੇ ਸੋਨੀਪਤ ਦੇ ਪਿੰਡ ਰੇਵਾਲੀ ਦੇ ਰਹਿਣ ਵਾਲੇ ਮੋਨੂੰ ਡਾਗਰ ਨੇ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਪ੍ਰਿਅਵਰਤਾ ਉਰਫ਼ ਫ਼ੌਜੀ ਅਤੇ ਹੋਰ ਕਈ ਸ਼ਾਰਪ ਸ਼ੂਟਰਾਂ ਨੂੰ ਇਕੱਠੇ ਕੀਤਾ ਸੀ। ਪ੍ਰਿਆਵਰਤ ਡਾਗਰ ਨਾਲ ਮਿਲ ਕੇ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਉਸ ਨੇ ਅੰਕਿਤ ਸੇਰਸਾ ਨਾਲ ਮਿਲ ਕੇ ਬਰਾੜ ਦੇ ਇਸ਼ਾਰੇ ‘ਤੇ ਮੂਸੇਵਾਲਾ ਕਤਲੇਆਮ ਨੂੰ ਅੰਜਾਮ ਦਿੱਤਾ ਹੈ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੂਸੇਵਾਲਾ ਕਤਲ ਕਾਂਡ ‘ਚ ਹੁਣ ਤੱਕ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ ਹੈ, ਉਨ੍ਹਾਂ ਸਾਰਿਆਂ ਤੋਂ ਲਾਰੈਂਸ ਦੇ ਸਾਹਮਣੇ ਬੈਠ ਕੇ ਪੁੱਛਗਿੱਛ ਕੀਤੀ ਜਾਵੇਗੀ।
![](https://thekhabarsaar.com/wp-content/uploads/2020/12/future-maker-3.jpeg)