ਚੰਡੀਗੜ੍ਹ, 28 ਜੂਨ 2022 – ਮਰਹੂਮ ਗੈਂਗਸਟਰ ਰਾਣਾ ਕੰਧੋਵਾਲੀਆ ਦੀ ਹੱਤਿਆ ਦੇ ਮਾਮਲੇ ‘ਚ ਲੋੜੀਂਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਨੇ 8 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮਾਨਸਾ ਪੁਲਿਸ ਦੀ ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਹੁਣ ਰੇਮੰਡ ਮਿਲਣ ਤੋਂ ਬਾਅਦ ਅਗਸਤ 2021 ’ਚ ਹੋਏ ਗੈਂਗਸਟਰ ਰਾਣਾ ਕੰਦੋਵਾਲੀਆ ਕਤਲ ਕੇਸ ’ਚ ਪੁਲਿਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ।
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਏ.ਡੀ.ਸੀ.ਪੀ. ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਉਸ ਨੂੰ ਇੱਥੇ ਸਪਿੰਦਰ ਸਿੰਘ ਜੇ.ਐਮ.ਆਈ.ਸੀ. ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਉਪਰੰਤ ਇਸ ਹੱਤਿਆਕਾਂਡ ‘ਚ ਹੋਰ ਗੈਂਗਸਟਰਾਂ ਦੀਆਂ ਗ੍ਰਿਫ਼ਤਾਰੀਆਂ ਦੀ ਵੀ ਸੰਭਾਵਨਾ ਹੈ।
ਲਾਰੈਂਸ ਬਿਸ਼ਨੋਈ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਉਪਰੰਤ ਅੰਮ੍ਰਿਤਸਰ ਪੁਲਿਸ ਵਲੋਂ ਉਸ ਦਾ ਰਿਮਾਂਡ ਲਿਆ ਗਿਆ ਹੈ। ਇੱਥੇ ਉਸ ਦੇ ਨਾਂਅ ‘ਤੇ ਕਈ ਲੋਕਾਂ ਕੋਲੋਂ ਫਿਰੌਤੀਆਂ ਮੰਗੀਆਂ ਗਈਆਂ ਹਨ।