ਅੰਮ੍ਰਿਤਸਰ, 6 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦੇ ਰਿਮਾਂਡ ਵਿੱਚ ਪੰਜ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਹੁਣ ਅੰਮ੍ਰਿਤਸਰ ਪੁਲਿਸ ਉਸ ਤੋਂ ਕਈ ਰਾਜ਼ ਪਤਾ ਕਰੇਗੀ। ਪਰ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਜਲਦੀ ਹੀ ਖਰੜ ਐਸਟੀਐਫ ਦੇ ਹੈੱਡਕੁਆਰਟਰ ਭੇਜ ਦਿੱਤਾ ਜਾਵੇਗਾ। ਲਾਰੈਂਸ ਨੂੰ ਬੁੱਧਵਾਰ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚ ਪੇਸ਼ ਹੋਣ ਲਈ ਅੰਮ੍ਰਿਤਸਰ ਅਦਾਲਤ ਵਿਚ ਲਿਆਂਦਾ ਗਿਆ ਸੀ।
ਹੁਸ਼ਿਆਰਪੁਰ, ਮੋਗਾ ਅਤੇ ਫਾਜ਼ਿਲਕਾ ਦੀ ਪੁਲਸ ਵੀ ਲਾਰੈਂਸ ਨੂੰ ਲੈਣ ਲਈ ਅੰਮ੍ਰਿਤਸਰ ਆਈ ਸੀ। ਤਿੰਨਾਂ ਨੇ ਲਾਰੈਂਸ ਦੇ ਰਿਮਾਂਡ ਲਈ ਦਲੀਲਾਂ ਪੇਸ਼ ਕੀਤੀਆਂ। ਅੰਮ੍ਰਿਤਸਰ ਦੀ ਅਦਾਲਤ ਵਿੱਚ ਕਰੀਬ ਡੇਢ ਘੰਟੇ ਤੱਕ ਰਿਮਾਂਡ ’ਤੇ ਬਹਿਸ ਚੱਲਦੀ ਰਹੀ। ਪਰ ਅੰਤ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਫਿਰ 5 ਦਿਨਾਂ ਲਈ ਲਾਰੈਂਸ ਨੂੰ ਸੌਂਪ ਦਿੱਤਾ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 28 ਜੂਨ ਨੂੰ ਰਾਣਾ ਕੰਧੋਵਾਲੀਆ ਕਤਲ ਕੇਸ ਦੀ ਜਾਂਚ ਲਈ ਅੰਮ੍ਰਿਤਸਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕੀਤਾ ਸੀ। ਮੰਗਲਵਾਰ ਨੂੰ ਆਈਪੀਐਸ ਗੌਰਵ ਯਾਦਵ ਨੇ ਡੀਜੀਪੀ ਪੰਜਾਬ ਦਾ ਚਾਰਜ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਐਸਟੀਐਫ ਮੋਹਾਲੀ ਤੱਕ ਪਹੁੰਚ ਕੀਤੀ। ਉਸ ਦੇ ਦੌਰੇ ਤੋਂ ਤੁਰੰਤ ਬਾਅਦ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਭੇਜਿਆ ਗਿਆ। ਲਾਰੈਂਸ ਨੂੰ ਮੰਗਲਵਾਰ ਦੇਰ ਰਾਤ ਕਰੀਬ 10 ਵਜੇ ਅੰਮ੍ਰਿਤਸਰ ਲਿਆਂਦਾ ਗਿਆ। ਲਾਰੈਂਸ ਨੂੰ ਇੱਥੇ ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਤਹਿਤ ਰੱਖਿਆ ਗਿਆ ਸੀ।

ਹਾਲਾਂਕਿ 28 ਜੂਨ ਨੂੰ ਲਾਰੈਂਸ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਸੀ ਪਰ ਉਸ ਨੂੰ ਅੰਮ੍ਰਿਤਸਰ ਨਹੀਂ ਰੱਖਿਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੁਹਾਲੀ ਸਥਿਤ ਐਸਟੀਐਫ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ। ਲਾਰੈਂਸ ਨੂੰ ਕਰੀਬ 7 ਦਿਨਾਂ ਤੱਕ ਉੱਥੇ ਰੱਖਿਆ ਗਿਆ ਅਤੇ ਇਸ ਦੌਰਾਨ ਪੰਜਾਬ ਪੁਲਿਸ ਸਮੇਤ ਸੂਬੇ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ। ਹੁਣ ਜਦੋਂ ਅੰਮ੍ਰਿਤਸਰ ਪੁਲੀਸ ਨੇ ਲਾਰੈਂਸ ਦਾ ਮੁੜ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਉਸ ਨੂੰ ਮੁੜ ਖਰੜ ਸਥਿਤ ਐਸਟੀਐਫ ਦਫ਼ਤਰ ਭੇਜਿਆ ਜਾ ਰਿਹਾ ਹੈ।
ਅੰਮ੍ਰਿਤਸਰ ਪੁਲਿਸ ਨੇ ਬੁੱਧਵਾਰ ਸਵੇਰੇ ਹੀ ਲਾਰੈਂਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੇ ਲਈ ਅਦਾਲਤ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਐਸ.ਐਸ.ਓ.ਸੀ. ਤੋਂ ਲੈ ਕੇ ਅਦਾਲਤ ਤੱਕ ਦੇ ਰਸਤੇ ਵਿਚ ਹਰ ਪਾਸੇ ਕਮਾਂਡੋ ਅਤੇ ਸਿਪਾਹੀ ਤਾਇਨਾਤ ਸਨ। ਅੰਮ੍ਰਿਤਸਰ ਪੁਲਿਸ ਦੀ ਕੋਸ਼ਿਸ਼ ਸੀ ਕਿ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਇੱਕ ਵਾਰ ਫਿਰ ਹਾਸਿਲ ਕੀਤਾ ਜਾਵੇ ਅਤੇ ਇਹ ਸਫਲ ਰਿਹਾ।
ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਦੀ ਪੁਲਿਸ 3 ਅਗਸਤ 2021 ਨੂੰ ਹੋਏ ਰਾਣਾ ਕੰਧੋਵਾਲੀਆ ਕਤਲ ਕੇਸ ਦੀ ਜਾਂਚ ਲਈ ਲਾਰੈਂਸ ਦਾ ਰਿਮਾਂਡ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਰਾਣਾ ਕੰਧੋਵਾਲੀਆ ਦਾ ਅਮ੍ਰਿਤਸਰ ਦੇ ਸਰਕੂਲਰ ਰੋਡ ‘ਤੇ ਸਥਿਤ ਕੇਡੀ ਹਸਪਤਾਲ ‘ਚ ਰਾਤ ਸਮੇਂ ਕਤਲ ਕਰ ਦਿੱਤਾ ਗਿਆ ਸੀ |
ਉਦੋਂ ਉਹ ਹਸਪਤਾਲ ਵਿੱਚ ਦਾਖ਼ਲ ਆਪਣੇ ਪਿੰਡ ਦੀ ਇੱਕ ਔਰਤ ਨੂੰ ਮਿਲਣ ਆਇਆ ਸੀ। ਕਤਲ ਤੋਂ ਅਗਲੇ ਦਿਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਗਰੋਂ ਪੁਲੀਸ ਨੇ ਜੱਗੂ, ਜਗ ਰੌਸ਼ਨ ਸਿੰਘ ਹੁੰਦਲ, ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਲਾਰੈਂਸ ਬਿਸ਼ਨੋਈ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
