ਚੰਡੀਗੜ੍ਹ, 2 ਨਵੰਬਰ 2022 – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਅੱਜ ਵੀ ਕੰਮ ਨਹੀਂ ਕਰਨਗੇ। ਚੰਡੀਗੜ੍ਹ ਦੀ ਮਹਿਲਾ ਵਕੀਲ ਡਾ: ਸ਼ੈਲੀ ਸ਼ਰਮਾ ਦੇ ਸੈਕਟਰ 27 ਸਥਿਤ ਘਰ ਅਤੇ ਦਫ਼ਤਰ ਵਿੱਚ ਐਨਆਈਏ ਦੇ ਛਾਪੇ ਖ਼ਿਲਾਫ਼ ਵਕੀਲਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜੋ ਕਿ ਅੱਜ ਵੀ ਜਾਰੀ ਹੈ। ਵਕੀਲਾਂ ਨੇ ਪਿਛਲੇ ਸੋਮਵਾਰ ਤੋਂ ਹੀ ਕੰਮ ਠੱਪ ਕਰਕੇ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਅਦਾਲਤ ਦੇ ਵਕੀਲ ਵੀ ਵਿਰੋਧ ਵਿੱਚ ਹਨ। ਸੋਮਵਾਰ ਨੂੰ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਨੇ ਮੀਟਿੰਗ ਕਰਕੇ ਅਗਲੇ ਫੈਸਲੇ ਤੱਕ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੀਆਂ ਅਦਾਲਤਾਂ ਵਿੱਚ ਵਕੀਲਾਂ ਨੇ 18 ਅਕਤੂਬਰ ਨੂੰ ਇਸ ਛਾਪੇਮਾਰੀ ਖ਼ਿਲਾਫ਼ ਕੰਮਕਾਜ ਠੱਪ ਕਰ ਦਿੱਤਾ ਸੀ। ਹਾਈ ਕੋਰਟ ਬਾਰ ਨੇ ਕਿਹਾ ਹੈ ਕਿ ਇਸ ਤਰ੍ਹਾਂ ਕਿਸੇ ਏਜੰਸੀ ਵੱਲੋਂ ਵਕੀਲ ਦੇ ਕੰਮ ਵਿੱਚ ਦਖ਼ਲ ਦੇਣਾ ਗ਼ਲਤ ਹੈ। ਇਹ ਐਡਵੋਕੇਟਸ ਐਕਟ, 1961 ਅਤੇ ਐਵੀਡੈਂਸ ਐਕਟ ਦੇ ਵੀ ਵਿਰੁੱਧ ਹੈ।
18 ਅਕਤੂਬਰ ਨੂੰ ਸਵੇਰੇ 6 ਵਜੇ ਐਡਵੋਕੇਟ ਡਾ: ਸ਼ੈਲੀ ਸ਼ਰਮਾ ਦੇ ਘਰ ਇਹ ਛਾਪਾ ਮਾਰਿਆ ਗਿਆ | ਐਨਆਈਏ ਨੇ ਉਸ ਦੇ ਦੋ ਮੋਬਾਈਲ ਫੋਨ, ਲੈਪਟਾਪ ਅਤੇ ਕੰਪਿਊਟਰ ਦੀ ਤਲਾਸ਼ੀ ਲਈ ਅਤੇ ਕੁਝ ਦਸਤਾਵੇਜ਼ ਵੀ ਜ਼ਬਤ ਕਰ ਲਏ। ਸ਼ੈਲੀ ਸ਼ਰਮਾ ਤੋਂ ਕਰੀਬ ਸਾਢੇ 3 ਘੰਟੇ ਪੁੱਛਗਿੱਛ ਕੀਤੀ ਗਈ। ਜਾਣਕਾਰੀ ਅਨੁਸਾਰ ਸ਼ੈਲੀ ਸ਼ਰਮਾ 2 ਦਰਜਨ ਤੋਂ ਵੱਧ ਗੈਂਗਸਟਰਾਂ ਦੇ ਕੇਸਾਂ ਵਿੱਚ ਅਦਾਲਤ ਵਿੱਚ ਪੈਰਵੀ ਕਰ ਰਹੀ ਹੈ। ਇਨ੍ਹਾਂ ਵਿੱਚ ਏ+ ਸ਼੍ਰੇਣੀ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ। ਸਾਲ 2019 ਵਿੱਚ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕੇਸ ਵਿੱਚ ਮੁਲਜ਼ਮਾਂ ਦੇ ਬਰੀ ਹੋਣ ਤੋਂ ਬਾਅਦ ਉਸ ਦੇ ਕਲਾਈਂਟ ਵਧੇ ਸਨ।
ਦੱਸ ਦੇਈਏ ਕਿ ਐਨਆਈਏ ਨੇ ਦਸਤਾਵੇਜ਼ ਅਤੇ ਮੋਬਾਈਲ ਅਤੇ ਲੈਪਟਾਪ ਆਦਿ ਜ਼ਬਤ ਕੀਤੇ ਸਨ। ਬਾਰ ਕੌਂਸਲ ਨੇ ਇਸ ਛਾਪੇਮਾਰੀ ਵਿਰੁੱਧ ਐਨਆਈਏ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖਿਆ ਸੀ। ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਐਡਵੋਕੇਟ-ਕਲਾਇੰਟ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕਰਨ ਅਤੇ ਵਕੀਲਾਂ ਦੇ ਦਫਤਰਾਂ ਅਤੇ ਘਰਾਂ ‘ਤੇ ਛਾਪੇ ਮਾਰਨ ਵਾਲੇ ਸਾਰੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ।