- ਅਕਾਲੀ ਦਲ ਛੱਡ BJP ‘ਚ ਗਏ ਚਰਨਜੀਤ ਅਟਵਾਲ ਦਾ ਵੱਡਾ ਬਿਆਨ
- ਆਪਣੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਲਈ ਨਹੀਂ ਛੱਡਿਆ ਅਕਾਲੀ ਦਲ
- ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਸਮਰਿਧੀ ਲਈ ਅਕਾਲੀ ਦਲ ਨੂੰ ਕਿਹਾ ਅਲਵਿਦਾ
- PM ਮੋਦੀ ਵੱਲੋਂ ਪੰਜਾਬ ਅਤੇ ਸਿੱਖ ਕੌਮ ਲਈ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ BJP ਚ ਸ਼ਾਮਲ ਹੋਏ
ਜਲੰਧਰ, 8 ਮਈ 2023 – ਲੋਕ ਸਭਾ ਹਲਕਾ ਜਲੰਧਰ ਜ਼ਿਮਨੀ ਚੋਣ ਤੋਂ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਪਿਤਾ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਲਈ ਅਕਾਲੀ ਦਲ ਨਹੀਂ ਛੱਡਿਆ, ਸਗੋਂ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਸਮਰਿਧੀ ਲਈ ਅਕਾਲੀ ਦਲ ਨੂੰ ਅਲਵਿਦਾ ਕਿਹਾ ਹੈ। ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਅਤੇ ਖਾਸ ਕਰਕੇ ਸਿੱਖ ਕੌਮ ਲਈ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਉਹ ਪਿਛਲੇ 65 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਹੁਣ ਸਵਰਗੀ) ਨਾਲ ਰਹੇ ਹਨ ਅਤੇ ਉਹ ਅੱਜ ਵੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦਾ ਦਿਲੋਂ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਦੋਂ ਵੀ ਅਕਾਲੀ ਦਲ ਨਹੀਂ ਛੱਡਿਆ ਜਦੋਂ ਇਕ ਵਾਰ ਨਾਮਜ਼ਦਗੀ ਭਰਨ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਕਿਸੇ ਹੋਰ ਨੂੰ ਦਿੱਤਾ ਗਿਆ ਹੈ। ਉਦੋਂ ਵੀ ਉਨ੍ਹਾਂ ਦੇ ਸਮਰਥਕਾਂ ਨੇ ਅਕਾਲੀ ਦਲ ਨੂੰ ਛੱਡਣ ਲਈ ਬਹੁਤ ਜੋਰ ਦਿੱਤਾ ਸੀ ਪਰ ਉਹਨਾਂ ਉਦੋਂ ਵੀ ਨਹੀਂ ਛਡਿਆ, ਪਰ ਹੁਣ ਹਾਲਾਤ ਬਿਲਕੁਲ ਵੱਖਰੇ ਹਨ। ਅੱਜ ਪੂਰਾ ਦੇਸ਼ ਤਰੱਕੀ ਕਰ ਰਿਹਾ ਹੈ।
ਭਾਜਪਾ ਸ਼ਾਸਤ ਸੂਬੇ ਵੀ ਤਰੱਕੀ ਕਰ ਰਹੇ ਹਨ, ਪਰ ਪੰਜਾਬ ਪਛੜ ਰਿਹਾ ਹੈ। ਉਹ ਪੰਜਾਬ ਦੀ ਤਰੱਕੀ, ਪੰਜਾਬ ਦੀ ਖੁਸ਼ਹਾਲੀ, ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ, ਇੱਥੋਂ ਦੇ ਉਦਯੋਗ ਦੀ ਤਰੱਕੀ ਲਈ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਨਾਲ ਖਾਸ ਲਗਾਅ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਉਦੋਂ ਡਿਪਟੀ ਸਪੀਕਰ ਬਣਾਇਆ ਜਦੋਂ ਅਕਾਲੀ ਦਲ ਦੇ ਸਿਰਫ਼ 6 ਸੰਸਦ ਮੈਂਬਰ ਸਨ ਅਤੇ ਭਾਰਤੀ ਜਨਤਾ ਪਾਰਟੀ ਦੇ 198 ਸਨ, ਉਦੋਂ ਵੀ ਭਾਜਪਾ ਨੇ ਸਿੱਖ ਕੌਮ ਦਾ ਸਤਿਕਾਰ ਕੀਤਾ ਸੀ।
ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੱਖ ਕੌਮ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਲੰਗਰ ਤੋਂ ਜੀਐਸਟੀ ਹਟਾਇਆ, ਵੀਰ ਬਾਲ ਦਿਵਸ ਐਲਾਨਿਆ, ਕਿਸਾਨਾਂ ਲਈ ਵੀ ਲਗਾਤਾਰ ਕੰਮ ਕਰ ਰਹੇ ਹਨ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਉਹ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ।