ਅੰਮ੍ਰਿਤਸਰ, 8 ਜਨਵਰੀ 2023 – ਨਵੇਂ ਸਾਲ ਯਾਨੀ 1 ਜਨਵਰੀ ਨੂੰ ਪੁੱਤਰ ਦੀ ਇੱਛਾ ਰੱਖਣ ਵਾਲੇ ਨੌਜਵਾਨ ਦੇ ਘਰ ਧੀ ਨੇ ਜਨਮ ਲਿਆ ਤਾਂ ਚਾਰ ਦਿਨਾਂ ਬਾਅਦ ਬੱਚੀ ਨੂੰ ਰੈੱਡ ਕਰਾਸ ਦੇ ਪੰਗੂੜੇ ਵਿੱਚ ਛੱਡ ਦਿੱਤਾ। ਪਰ ਫਿਰ ਬਾਅਦ ‘ਚ ਪਛਤਾਵਾ ਹੋਣ ‘ਤੇ ਆਪਣੀ ਧੀ ਨੂੰ ਵਾਪਿਸ ਲੈਣ ਲਈ ਰੈੱਡ ਕਰਾਸ ਭਾਵਨ ਆ ਗਿਆ।
ਰੈੱਡ ਕਰਾਸ ਦੇ ਅਧਿਕਾਰੀ ਨੌਜਵਾਨ ਤੋਂ ਪੁੱਛ-ਪੜਤਾਲ ਕਰ ਰਹੇ ਹਨ ਅਤੇ ਜਾਂਚ ਕਰ ਰਹੇ ਹਨ ਕਿ ਪੰਗੂੜੇ ‘ਚ ਛੱਡੀ ਗਈ ਬੇਟੀ ਉਸ ਦੀ ਹੈ ਜਾਂ ਨਹੀਂ। ਜੇਕਰ ਇਹ ਸਾਬਤ ਹੋ ਜਾਂਦਾ ਹੈ ਤਾਂ ਉਸ ਨੂੰ ਉਸ ਦੀ ਬੇਟੀ ਦੇ ਹਵਾਲੇ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਰੈੱਡ ਕਰਾਸ ਭਵਨ ਦੇ ਅਧਿਕਾਰੀਆਂ ਨੇ ਵੀ ਇਸ ਘਟਨਾ ਸਬੰਧੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।
ਥਾਣਾ ਸਿਵਲ ਲਾਈਨ ਦੀ ਪੁਲੀਸ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਅਤੇ ਡੀ.ਡੀ.ਆਰ ਵੀ ਦਰਜ ਕਰ ਲਈ ਗਈ ਹੈ। ਅਧਿਕਾਰੀ ਅਜੇ ਤੱਕ ਉਕਤ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕਰ ਰਹੇ ਹਨ। ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਛਾਣ ਸਾਹਮਣੇ ਆਵੇਗੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਸੀਸ ਇੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਘਰ 1 ਜਨਵਰੀ ਨੂੰ ਇੱਕ ਲੜਕੀ ਨੇ ਜਨਮ ਲਿਆ ਸੀ। ਚਾਰ ਦਿਨਾਂ ਬਾਅਦ 5 ਜਨਵਰੀ ਨੂੰ ਉਸ ਨੇ ਲੜਕੀ ਨੂੰ ਰੈੱਡ ਕਰਾਸ ਦੇ ਪੰਗੂੜੇ ਵਿੱਚ ਛੱਡ ਦਿੱਤਾ ਸੀ।
ਸ਼ੁੱਕਰਵਾਰ ਨੂੰ ਬੱਚੀ ਨੂੰ ਪਾਰਵਤੀ ਦੇਵੀ ਹਸਪਤਾਲ ‘ਚ ਮੈਡੀਕਲ ਆਦਿ ਕਰਵਾਉਣ ਤੋਂ ਬਾਅਦ ਬਾਬਾ ਭੂਰੀ ਵਾਲਾ ਦੇ ਡੇਰੇ ‘ਚ ਸ਼ਿਫਟ ਕੀਤਾ ਜਾ ਰਿਹਾ ਸੀ। ਜਦੋਂ ਇਹ ਸਿਲਸਿਲਾ ਚੱਲ ਰਿਹਾ ਸੀ ਤਾਂ ਇਕ ਨੌਜਵਾਨ ਆਇਆ ਅਤੇ ਕਹਿਣ ਲੱਗਾ ਕਿ ਇਹ ਉਸ ਦੀ ਲੜਕੀ ਹੈ ਅਤੇ ਉਹ ਉਸ ਨੂੰ ਛੱਡ ਕੇ ਚਲਾ ਗਿਆ ਸੀ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਇਹ ਸੱਚਮੁੱਚ ਉਸ ਦੀ ਬੇਟੀ ਹੈ। ਜੇਕਰ ਉਹ ਸਾਬਤ ਕਰ ਦਿੰਦਾ ਹੈ ਕਿ ਬੇਟੀ ਉਸ ਦੀ ਹੈ ਤਾਂ ਬੱਚਾ ਉਸ ਨੂੰ ਸੌਂਪ ਦਿੱਤਾ ਜਾਵੇਗਾ।
ਨੌਜਵਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਉਸ ਨੂੰ ਪੁੱਤਰ ਦੀ ਇੱਛਾ ਕਾਰਨ ਹੀ ਛੱਡ ਦਿੱਤਾ ਸੀ। ਉਸ ਨੇ ਟੈਸਟ ਵੀ ਕਰਵਾਇਆ ਸੀ ਅਤੇ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਇਕ ਬੇਟਾ ਹੋਵੇਗਾ ਪਰ ਬੇਟੀ ਪੈਦਾ ਹੋਣ ਕਾਰਨ ਉਸ ਨੇ ਬੱਚੀ ਨੂੰ ਪੰਗੂੜੇ ‘ਚ ਛੱਡ ਦਿੱਤਾ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।