ਅੰਮ੍ਰਿਤਸਰ, 3 ਜਨਵਰੀ 2021 – ਨਰੇਂਦਰ ਮੋਦੀ ਸਰਕਾਰ ਵਲੋਂ ਦੇਸ਼ ਉਪਰ ਥੋਪੇ ਗਏ ਕਿਸਾਨ ਵਿਰੋਧੀ ਕਾਲੇ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਦੇ ਕਿਸਾਨਾਂ ਵਲੋਂ ਸਿੰਘੁ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਕੇਂਦਰ ਸਰਕਾਰ ਵਲੋਂ ਬਦਨਾਮ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਹਨ ਅਤੇ ਇਸ ਦੇ ਮੰਤਰੀ ਹੁਣ ਬੌਖਲਾਵਟ ਵਿਚ ਆ ਕੇ ਕਿਸਾਨਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਤੇ ਆ ਗਏ ਹਨ। ਇਸ ਅਭੱਦਰ ਭਾਸ਼ਾ ਦੀ ਵਰਤੋਂ ਤੋਂ ਦੁਖੀ ਹੋ ਕੇ ਅੰਮ੍ਰਿਤਸਰ ਜ਼ਿਲ੍ਹੇ ਜਗਦੇਵ ਕਲਾਂ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਬਿੱਲਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਉਪਰ ਹੱਡਚੀਰਵੀਂ ਠੰਡ ਵਿਚ ਸ਼ਾਂਤਮਈ ਧਰਨੇ ਤੇ ਬੈਠੇ ਹਨ ਜਿਸ ਦੌਰਾਨ ਕਈ ਕਿਸਾਨ ਆਪਣੀ ਜਾਨ ਗੰਵਾ ਚੁਕੇ ਹਨ ਪਰ ਮੋਦੀ ਦੇ ਤਾਨਾਸ਼ਾਹੀ ਰਵਈਏ ਵਿੱਚ ਕੁਝ ਵੀ ਕੋਈ ਬਦਲਾਅ ਨਹੀਂ ਆਇਆ।