ਸੈਸ਼ਨ ਵਿਚ MSP ਅਤੇ ਯਕੀਨੀ ਮੰਡੀਕਰਣ ਦੀ ਕਾਨੂੰਨੀ ਗਰੰਟੀ ਲਈ ਕਾਨੂੰਨ ਬਣਾਉਣਾ ਆਪ ਸਰਕਾਰ ਦਾ ਇਕ ਨੁਕਾਤੀ ਏਜੰਡਾ ਹੋਣਾ ਚਾਹੀਦੈ: ਸੁਖਬੀਰ ਬਾਦਲ

  • 1 ਮਾਰਚ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ 22 ਫਸਲਾਂ ਲਈ ਐਮ ਐਸ ਪੀ ਅਤੇ ਯਕੀਨੀ ਮੰਡੀਕਰਣ ਦੀ ਕਾਨੂੰਨੀ ਗਰੰਟੀ ਲਈ ਕਾਨੂੰਨ ਬਣਾਉਣਾ ਆਪ ਸਰਕਾਰ ਦਾ ਇਕ ਨੁਕਾਤੀ ਏਜੰਡਾ ਹੋਣਾ ਚਾਹੀਦੈ: ਸੁਖਬੀਰ ਸਿੰਘ
  • ਕਿਹਾ ਕਿ ਜੇਕਰ ਮੁੱਖ ਮੰਤਰੀ ਇਕ ਹਫਤੇ ਤੋਂ ਕੀਤੀ ਜਾ ਰਹੀ ਹਰਿਆਣਾ ਨੂੰ ਕਿਸਾਨਾਂ ’ਤੇ ਹਮਲੇ ਕਰਨ ਤੋਂ ਰੋਕਣ ਦੀ ਅਪੀਲ ਸੁਣ ਲੈਂਦੇ ਤਾਂ ਸ਼ੁਭਕਰਨ ਸਿੰਘ ਜਿਉਂਦਾ ਹੁੰਦਾ
  • ਕੇਂਦਰ ਨੂੰ ਕਿਸਾਨਾਂ ਨਾਲ ਦੋ ਸਾਲ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ/ਮੁਕਤਸਰ, 22 ਫਰਵਰੀ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ 1 ਮਾਰਚ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ 22 ਫਸਲਾਂ ਲਈ ਐਮ ਐਸ ਪੀ ਅਤੇ ਯਕੀਨੀ ਮੰਡੀਕਰਣ ਨੂੰ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਗਰੰਟੀ ਦਾ ਰੂਪ ਦੇਣ ਲਈ ਕਾਨੂੰਨ ਬਣਾਇਆ ਜਾਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ 2022 ਦੀਆਂ ਚੋਣਾਂ ਵਿਚ ਆਪ ਇਹ ਗਰੰਟੀ ਦਿੱਤੀ ਸੀ ਕਿ ਸੂਬੇ ਵਿਚ ਆਪ ਸਰਕਾਰ ਬਣਨ ਦੇ 24 ਘੰਟਿਆਂ ਦੇ ਅੰਦਰ-ਅੰਦਰ 22 ਫਸਲਾਂ ਲਈ ਐਮ ਐਸ ਪੀ ਅਤੇ ਯਕੀਨੀ ਮੰਡੀਕਰਣ ਨੂੰ ਕਾਨੂੰਨੀ ਗਰੰਟੀ ਦਾ ਰੂਪ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਲਈ ਕਾਨੂੰਨ ਲਿਆਉਂਦੇ ਹਨ ਤਾਂ ਫਿਰ ਅਕਾਲੀ ਦਲ ਅਜਿਹੇ ਕਾਨੂੰਨ ਦੀ ਡਟਵੀਂ ਹਮਾਇਤ ਕਰੇਗਾ ਅਤੇ ਉਹ ਨਿੱਜੀ ਤੌਰ ’ਤੇ ਜਾ ਕੇ ਸ੍ਰੀ ਭਗਵੰਤ ਮਾਨ ਦਾ ਧੰਨਵਾਦ ਕਰਨਗੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਖ਼ਤਮ ਹੋਣ ਵੇਲੇ ਉਹਨਾਂ ਨੂੰ ਦਿੱਤੇ ਭਰੋਸੇ ਪੂਰੇ ਕਰੇ। ਉਹਨਾਂ ਕੇਂਦਰ ਨੂੰ ਅਪੀਲ ਕੀਤੀ ਕਿ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕੀਤੀ ਜਾਵੇ ਅਤੇ ਗੱਲਬਾਤ ਰਾਹੀਂ ਮੌਜੂਦਾ ਮਸਲਾ ਹੱਲ ਕੀਤਾ ਜਾਵੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਟਿੱਪਣੀਆਂ ਅੱਜ ਲੰਬੀ ਹਲਕੇ ਦੇ ਇਕ ਰੋਜ਼ਾ ਦੌਰੇ ਦੌਰਾਨ ਕੀਤੀਆਂ ਜਿਸ ਦੌਰਾਨ ਉਹਨਾਂ 11 ਪਿੰਡਾਂ ਵਿਚ ਜਨਤਕ ਮੀਟਿੰਗਾਂ ਵੀ ਕੀਤੀਆਂ। ਉਹਨਾਂ ਨੇ ਪਿੰਡਾਂ ਵਾਲਿਆਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਤੇ ਉਹਨਾਂ ਨੂੰ ਆਪਣਿਆਂ ਤੇ ਬੇਗਾਨਿਆਂ ਵਿਚ ਫ਼ਰਕ ਸਮਝਣ ਦੀ ਅਪੀਲ ਵੀ ਕੀਤੀ। ਉਹਨਾਂ ਨੇ ਭਰੋਸਾ ਦੁਆਇਆ ਕਿ ਉਹ ਇਸ ਹਲਕੇ ਦੀ ਉਸੇ ਭਾਵਨਾ ਨਾਲ ਸੇਵਾ ਕਰਨਗੇ ਜਿਵੇਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਦੇ ਹੁੰਦੇ ਸਨ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਖਾਸ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਬੇਕਸੂਰ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋਣ ਲਈ ਜ਼ਿੰਮੇਵਾਰ ਹਨ।
ਉਹਨਾਂ ਸਵਾਲ ਕੀਤਾ ਕਿ ਸ਼ੁਭਕਰਨ ਸਿੰਘ ਦੀ ਮੌਤ ਲਈ ਹੁਣ ਤੱਕ ਕਤਲ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ ? ਉਹਨਾਂ ਕਿਹਾ ਕਿ ਪੰਜਾਬ ਦਾ ਪੁੱਤਰ ਪੰਜਾਬ ਦੀ ਧਰਤੀ ’ਤੇ ਬਾਹਰਲਿਆਂ ਵੱਲੋਂ ਪੰਜਾਬੀ ਪੁੱਤਰਾਂ ਦੇ ਕਤਲੇਆਮ ’ਤੇ ਚੁੱਪ ਕਿਉਂ ਹੈ ? ਉਹਨਾਂ ਪੁੱਛਿਆ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਵਾਸਤੇ ਭਗਵੰਤ ਮਾਨ ਨੂੰ ਕਿਸਦੀ ਆਗਿਆ ਦੀ ਉਡੀਕ ਹੈ ?

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਉਹਨਾਂ ਦੇ ਹੀ ਬੋਲ ਚੇਤੇ ਕਰਵਾਏ ਕਿ ਮੁੱਖ ਮੰਤਰੀ ਦੇ ਸਿੱਧੇ ਹੁਕਮਾਂ ਤੋਂ ਬਗੈਰ ਕਦੇ ਵੀ ਪੁਲਿਸ ਫਾਇਰਿੰਗ ਨਹੀਂ ਕਰ ਸਕਦੀ। ਉਹਨਾਂਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਬੋਲ ਪੁਗਾਓ ਤੇ ਤੁਹਾਡੀ ਰਾਇ ਮੁਤਾਬਕ ਜਿਸਨੇ ਪੰਜਾਬ ਦੇ ਕਿਸਾਨਾਂ ’ਤੇ ਫਾਇਰਿੰਗ ਕਰਨ ਤੇ ਤੁਹਾਡੇ ਆਪਣੇ ਰਾਜ ਪੰਜਾਬ ਵਿਚ ਪੰਜਾਬੀ ਕਿਸਾਨ ਦੀ ਹੱਤਿਆ ਕਰਨ ਲਈ ਹੁਕਮ ਦਿੱਤੇ ਹੋਣਗੇ, ਉਸ ਖਿਲਾਫ ਪਰਚਾ ਦਰਜ ਕਰੋ।

ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਪਹਿਲਾ ਸਾਡੀ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਗੱਲ ਸੁਣੀ ਹੁੰਦੀ ਜੋ ਕਿ ਪਿਛਲੇ ਛੇ ਦਿਨਾਂ ਤੋਂ ਉੱਚੀ ਉੱਚੀ ਰੌਲਾ ਪਾ ਰਹੇ ਹਨ ਕਿ ਹਰਿਆਣਾ ਸਰਕਾਰ ਨੂੰ ਪੰਜਾਬ ਦੀ ਧਰਤੀ ’ਤੇ ਪੰਜਾਬ ਦੇ ਕਿਸਾਨਾਂ ’ਤੇ ਹਮਲੇ ਕਰਨ ਤੋਂ ਰੋਕਿਆ ਜਾਵੇ, ਤਾਂ ਸ਼ੁਭਕਰਨ ਦੀ ਹੱਤਿਆ ਰੋਕੀ ਜਾ ਸਕਦੀ ਸੀ। ਉਹਨਾਂ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਬੇਲੋੜੀ ਆਕੜ ਤੇ ਹੰਕਾਰ ਨਾ ਵਿਖਾਇਆ ਹੁੰਦਾ ਤਾਂ ਸ਼ੁਭਕਰਨ ਸਾਡੇ ਨਾਲ ਹੁੰਦਾ।

ਸਰਦਾਰ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕਿਸਾਨਾਂ ਨਾਲ ਦੋਗਲਾ ਕਿਰਦਾਰ ਨਿਭਾ ਰਹੇ ਹਨ ਤੇ ਇਕ ਪਾਸੇ ਉਹਨਾਂ ਦੇ ਦੋਸਤ ਵਜੋਂ ਪੇਸ਼ ਆ ਰਹੇ ਹਨ ਜਦੋਂ ਕਿ ਉਹ ਹਰਿਆਣਾ ਸਰਕਾਰ ਦੇ ਲੁਕਵੇਂ ਏਜੰਟ ਵਜੋਂ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਕਿਸਾਨਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਗੱਲਬਾਤ ਦੌਰਾਨ ਉਹਨਾਂ ਨੂੰ ਗੁੰਮਰਾਹ ਕੀਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਤਾਂ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਸਮਾਂ ਦੇ ਰਿਹਾਸੀ ਕਿ ਉਹ ਆਪਣੀਆਂ ਸਰਹੱਦਾਂ ਦੀ ਕਿਲ੍ਹੇਬੰਦੀ ਕਰ ਲੈਣ। ਉਹਨਾਂ ਕਿਹਾ ਕਿ ਮੈਨੂੰ ਬਹੁਤ ਅਫਸੋਸ ਹੈ ਕਿ ਮਾਸੂਮ ਕਿਸਾਨ ਉਹਨਾਂ ਦੇ ਚੁੰਗਲ ਵਿਚ ਫਸ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਈ.ਟੀ.ਓ ਵੱਲੋਂ ਹਰਿਆਣਾ ਪੁਲਿਸ ਦੀ ਬੇਰਹਿਮੀ ਦੀ ਕਰੜੀ ਨਿੰਦਾ, ਕੇਂਦਰ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੀ ਕੀਤੀ ਅਪੀਲ

ਆਨਲਾਈਨ ਜਾਬ ਫਰਾਡ ਰੈਕੇਟ: ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਆਸਾਮ ਤੋਂ ਚਾਰ ਸਾਈਬਰ ਧੋਖੇਬਾਜ਼ਾਂ ਨੂੰ ਕੀਤਾ ਗ੍ਰਿਫਤਾਰ