- ਲੋਕਾਂ ਨੂੰ ਸਲਾਹ-ਰਾਤ ਨੂੰ ਘਰਾਂ ਤੋਂ ਬਾਹਰ ਨਾ ਨਿਕਲੋ
ਲੁਧਿਆਣਾ, 22 ਜੁਲਾਈ 2023 – ਜ਼ਿਲਾ ਲੁਧਿਆਣਾ ‘ਚ ਮੱਤੇਵਾੜਾ ਦੇ ਜੰਗਲ ਨੇੜੇ ਪਿੰਡ ਗੜ੍ਹੀ ਤੋਗੜ ‘ਚ ਤੇਂਦੂਏ ਦੇ ਨਜ਼ਰ ਆਉਣ ਨਾਲ ਹੜਕੰਪ ਮਚ ਗਿਆ ਹੈ। ਮੱਤੇਵਾੜਾ ‘ਚ 2 ਦਿਨਾਂ ਤੋਂ ਲੋਕਾਂ ਨੇ ਤੇਂਦੂਏ ਦੀ ਆਵਾਜ਼ ਮਹਿਸੂਸ ਕੀਤੀ ਹੈ। ਤੇਂਦੁਏ ਨੇ ਪਿੰਡ ‘ਚ ਹੀ ਇਕ ਵੱਛੇ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ।
ਜੰਗਲੀ ਜੀਵ ਵਿਭਾਗ ਦੀ ਵਿਸ਼ੇਸ਼ ਬਚਾਅ ਟੀਮ ਪਿੰਡ ਵਿੱਚ ਲਗਾਤਾਰ ਗਸ਼ਤ ਕਰ ਰਹੀ ਹੈ। ਤੇਂਦੂਏ ਨੂੰ ਫੜਨ ਲਈ ਜੰਗਲ ਵਿਚ ਕਈ ਥਾਵਾਂ ‘ਤੇ ਜਾਲ ਵੀ ਲਗਾਏ ਗਏ ਹਨ ਪਰ ਅਜੇ ਤੱਕ ਇਸ ਦਾ ਕਿਧਰੇ ਵੀ ਪਤਾ ਨਹੀਂ ਲੱਗ ਸਕਿਆ | ਟੀਮ ਦੀ ਤੁਰੰਤ ਕਾਰਵਾਈ ਦਾ ਉਦੇਸ਼ ਪਿੰਡ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਜੰਗਲੀ ਜੀਵ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕੀਤਾ ਅਤੇ 2 ਪਿੰਜਰੇ ਲਗਾਏ ਗਏ ਹਨ।
ਗੜ੍ਹੀ ਤੋਗੜ ਦੇ ਰਹਿਣ ਵਾਲੇ ਜੋਗਾ ਸਿੰਘ ਨੇ ਸਭ ਤੋਂ ਪਹਿਲਾਂ ਇਸ ਘਟਨਾ ਦੀ ਸੂਚਨਾ ਜੰਗਲਾਤ ਅਧਿਕਾਰੀਆਂ ਨੂੰ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਚੀਤਾ ਉਸ ਦੇ ਵੱਛੇ ਨੂੰ ਚੁੱਕ ਕੇ ਲੈ ਗਿਆ ਸੀ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤਲਾਸ਼ੀ ਲਈ ਤਾਂ ਕੁਝ ਦੂਰੀ ‘ਤੇ ਵੱਛੇ ਦੀ ਲਾਸ਼ ਪਈ ਮਿਲੀ। ਲੁਧਿਆਣਾ ਡਵੀਜ਼ਨ ਦੇ ਰੇਂਜ ਅਫ਼ਸਰ ਵਾਈਲਡ ਲਾਈਫ਼ ਪ੍ਰੀਤਪਾਲ ਸਿੰਘ ਅਨੁਸਾਰ ਅਸੀਂ ਪਿੰਡ ਵਿੱਚ 2 ਪਿੰਜਰੇ ਰੱਖੇ ਗਏ ਹਨ। ਛੋਟੇ ਪਿੰਜਰੇ ਵਿੱਚ, ਇੱਕ ਕੁੱਤੇ ਨੂੰ ਸ਼ਿਕਾਰ ਵਜੋਂ ਬੰਨ੍ਹਿਆ ਗਿਆ ਸੀ, ਜਦੋਂ ਕਿ ਵੱਡੇ ਪਿੰਜਰੇ ਨੂੰ ਚੀਤੇ ਨੂੰ ਫਸਾਉਣ ਲਈ ਤਿਆਰ ਕੀਤਾ ਗਿਆ ਹੈ।

ਜੰਗਲੀ ਜੀਵ ਵਿਭਾਗ ਦੀ ਵਿਸ਼ੇਸ਼ ਬਚਾਅ ਟੀਮ ਨੇ ਵੀ ਇਲਾਕੇ ਦਾ ਮੁਆਇਨਾ ਕੀਤਾ ਅਤੇ ਚੀਤੇ ਦੀ ਮੌਜੂਦਗੀ ਦੇ ਸਬੂਤ ਇਕੱਠੇ ਕੀਤੇ। ਪਿੰਡ ਵਾਸੀ ਆਪਣੇ ਬੱਚਿਆਂ ਲਈ ਖਾਸ ਤੌਰ ‘ਤੇ ਚਿੰਤਤ ਹਨ, ਡਰ ਅਤੇ ਚਿੰਤਾ ਨਾਲ ਗ੍ਰਸਤ ਹਨ। ਮੌਕੇ ਦੀ ਸਥਿਤੀ ਨੂੰ ਦੇਖਦਿਆਂ ਜੰਗਲੀ ਜੀਵ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਦੇਰ ਰਾਤ ਤੱਕ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਸੁਚੇਤ ਕੀਤਾ ਹੈ। ਬੱਚਿਆਂ ਦਾ ਖਾਸ ਖਿਆਲ ਰੱਖੋ। ਦਿਨ ਵੇਲੇ ਵੀ ਸੁਚੇਤ ਰਹੋ।
