ਸ੍ਰੀ ਅਨੰਦਪੁਰ ਸਾਹਿਬ 03 ਨਵੰਬਰ 2024 – ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸਿਫਾਰਿਸ਼ ਕੀਤੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਰੂਪਨਗਰ ਦੇ ਸਬ ਡਵੀਜਨ ਹਸਪਤਾਲ ਵਿਖੇ ਤੈਨਾਤ ਰਣਬੀਰ ਸਿੰਘ, ਮੈਡੀਕਲ ਅਫਸਰ (ਮੈਡੀਸਨ) ਦੀ ਬਦਲੀ ਵੀ.ਵੀ.ਆਈ.ਪੀ.ਟੀਮ ਮੁੱਖ ਮੰਤਰੀ, ਪੰਜਾਬ ਜੀ ਦੀ ਮੈਡੀਕਲ ਟੀਮ ਵਿੱਚ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਇੱਕ ਹੀ ਮੈਡੀਸਨ ਦਾ ਡਾਕਟਰ ਤੈਨਾਤ ਸੀ ਜੋ ਕਿ ਸਿਹਤ ਦੇ ਖੇਤਰ ਵਿੱਚ ਬਹੁਤ ਹੀ ਚੰਗੀਆਂ ਸੇਵਾਵਾਂ ਨਿਭਾ ਰਹੇ ਸੀ ਤੇ ਬਹੁਤ ਹੀ ਤਜਰਬੇਕਾਰ ਨੇ ਇਸ ਹਸਪਤਾਲ ਵਿੱਚ ਨੇੜੇ ਦੇ ਪਿੰਡਾਂ ਤੋਂ ਹਰ ਰੋਜ਼ ਬਹੁਤ ਮਰੀਜ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਧਿਆਨ ਦੇਣਯੋਗ ਗੱਲ ਇਹ ਹੈ ਕਿ ਇਸ ਇਲਾਕੇ ਵਿੱਚ ਗਰੀਬ ਤਬਕਾ ਬਹੁਤ ਵੱਡੀ ਗਿਣਤੀ ਵਿੱਚ ਰਹਿੰਦਾ ਹੈ, ਜੋ ਕਿ ਇਸ ਸਰਕਾਰੀ ਹਸਪਤਾਲ ਤੇ ਹੀ ਨਿਰਭਰ ਕਰਦਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪੰਜਾਬ ਅਤੇ ਹਿਮਾਚਲ ਨੂੰ ਜੋੜਦਾ ਨੈਸ਼ਨਲ ਹਾਈਵੇ ਹੋਣ ਕਾਰਨ ਇੱਥੇ ਦਿਨ-ਰਾਤ ਕੋਈ ਨਾ ਕੋਈ ਹਾਦਸਾ ਜਾਂ ਸੜਕੀ ਹਾਦਸਾ ਵਾਪਰਦਾ ਰਹਿੰਦਾ ਹੈ।
ਉਨ੍ਹਾਂ ਨੇ ਲਿਖਿਆ ਕਿ ਇੱਕ ਤਜਰਬੇਕਾਰ ਡਾਕਟਰ ਦਾ ਸਰਕਾਰੀ ਹਸਪਤਾਲ ਵਿੱਚ ਹੋਣਾ ਬਹੁਤ ਜਰੂਰੀ ਹੈ। ਪੰਜਾਬ ਦੇ ਨਾਲ ਹਿਮਾਚਲ ਦੇ ਬਿਲਾਸਪੁਰ ਜਿਲ੍ਹੇ ਦੇ ਮਰੀਜ ਵੀ ਵੱਡੀ ਗਿਣਤੀ ਵਿੱਚ ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਹਨ। ਪੱਤਰ ਵਿਚ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਕਿ ਸ੍ਰੀ ਰਣਬੀਰ ਸਿੰਘ, ਮੈਡੀਕਲ ਅਫਸਰ (ਮੈਡੀਸਨ) ਦੀ ਬਦਲੀ ਦੇ ਕੀਤੇ ਗਏ ਹੁਕਮ ਰੱਦ ਕਰਦੇ ਹੋਏ ਇਹਨਾਂ ਨੂੰ ਸਬ ਡਵੀਜਨ ਹਸਪਤਾਲ, ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਵਿਖੇ ਹੀ ਰਹਿਣ ਦਿੱਤਾ ਜਾਵੇ ਜੀ। ਉਨ੍ਹਾਂ ਨੇ ਇਸ ਸਬੰਧ ਵਿੱਚ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੂੰ ਵੀ ਸਿਫਾਰਿਸ਼ ਕੀਤੀ ਹੈ ਕਿ ਇਹ ਤਬਾਦਲਾ ਤੁਰੰਤ ਰੱਦ ਕੀਤਾ ਜਾਵੇ।