ਨਵਾਂਸ਼ਹਿਰ, 15 ਮਾਰਚ, 2023: ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹਿਊੂਮਨ ਸਮੱਗਲਿੰਗ ਐਕਟ-2012 ਦੇ ‘ਪੰਜਾਬ ਪ੍ਰੀਵੈਨਸ਼ਨ ਆਫ਼ ਹਿਊਮਨ ਸਮੱਗਲਿੰਗ ਰੂਲਜ਼, 2013’ ਤਹਿਤ ਜ਼ਿਲ੍ਹੇ ਦੀਆਂ ਵਿਦੇਸ਼ ਭੇਜਣ ਨਾਲ ਸਬੰਧਤ ਤਿੰਨ ਫ਼ਰਮਾਂ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਹਨ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ, ਰਾਜੀਵ ਵਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਫ਼ਰਮਾਂ ’ਚ ਮੈਸ. ਕੰਗਾਰੂ ਆਇਲਟਸ ਤੇ ਇੰਮੀਗ੍ਰੇਸ਼ਨ ਪ੍ਰੋਵਾਈਡਰਜ਼, ਮੈਸ. ਬਿ੍ਰਟਿਸ਼ ਸਕੂਲ ਆਫ਼ ਇੰਗਲਿਸ਼ ਤੇ ਮੈਸ. ਗੋਲਡਸਟੋਨ ਕੰਨਸਲਟੈਂਟਸ, ਨਵਾਂਸ਼ਹਿਰ ਨੂੰ ਜਾਰੀ ਲਾਇਸੰਸ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਦੇ ਤਹਿਤ ਰੱਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੈਸ. ਕੰਗਾਰੂ ਆਇਲਟਸ ਤੇ ਇੰਮੀਗ੍ਰੇਸ਼ਨ ਪ੍ਰੋਵਾਈਡਰਜ਼, ਪੁਰਾਣੀ ਕੋਰਟ ਰੋਡ, ਨਵਾਂਸ਼ਹਿਰ ਬਾਰੇ ਐਸ ਐਸ ਪੀ ਦਫ਼ਤਰ ਪਾਸੋਂ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਪ੍ਰਬੰਧਕ ਸੁਖਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੰਗਤ ਮੰਡੀ , ਬਠਿੰਡਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਦੇ ਜੁਆਬ ’ਚ ਸੁਖਵੀਰ ਸਿੰਘ ਨੇ ਦੱਸਿਆ ਕਿ ਮਾਰਚ 2020 ਵਿੱਚ ਕਰੋਨਾ ਦੀ ਬਿਮਾਰੀ ਫੈਲ ਗਈ ਸੀ ਅਤੇ ਉਸ ਦੇ ਲਾਇਸੰਸ ਦੀ ਮਿਆਦ ਵੀ ਮਿਤੀ 10 ਮਈ, 2020 ਨੂੰ ਖਤਮ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਆਪਣਾ ਦਫ਼ਤਰ ਬੰਦ ਕਰ ਦਿੱਤਾ ਸੀ, ਇਸ ਲਈ ਉਸ ਦਾ ਲਾਇਸੰਸ ਨੰ. 07/ਐਮ ਏ ਮਿਤੀ 11.05.2015 ਰੱਦ/ਕੈਂਸਲ ਕੀਤਾ ਜਾਵੇ।
ਇਸੇ ਤਰ੍ਹਾਂ ਮੈਸ. ਬਿ੍ਰਟਿਸ਼ ਸਕੂਲ ਆਫ਼ ਇੰਗਲਿਸ਼, ਐਮ ਸੀ ਰੋਡ ਨਵਾਂਸ਼ਹਿਰ ਬਾਰੇ ਐਸ ਐਸ ਪੀ ਦਫ਼ਤਰ ਵੱਲੋਂ ਰਿਪੋਰਟ ਕੀਤੀ ਗਈ ਕਿ ਉਕਤ ਦਫ਼ਤਰ 2 ਸਾਲ ਤੋਂ ਐਮ ਸੀ ਰੋਡ ’ਤੇ ਨਹੀਂ ਹੈ। ਜਿਸ ’ਤੇ ਸਬੰਧਤ ਫ਼ਰਮ ਦੇ ਪ੍ਰਬੰਧਕ ਮਨਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮੂਸਾਪੁਰ, ਤਹਿਸੀਲ ਨਵਾਂਸ਼ਹਿਰ ਨੂੰ ਕਾਰਨ ਦੱਸੋ ਜਾਰੀ ਕੀਤਾ ਗਿਆ, ਪਰ ਉਸ ਪਾਸੋਂ ਕੋਈ ਜੁਾਅਬ ਪ੍ਰਾਪਤ ਨਹੀਂ ਹੋਇਆ। ਇਸ ਕਾਰਨ ਉਸਨੂੰ ਜਾਰੀ ਲਾਇਸੰਸ ਨੰ. 21/ਐਮ ਏ/ਐਮ ਸੀ 2 ਮਿਤੀ 07.09.2015 ਜਿਸ ਦੀ ਮਿਆਦ 6 ਸਤੰਬਰ 2020 ਤੱਕ ਸੀ, ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਇੱਕ ਹੋਰ ਫ਼ਰਮ ਮੈਸ. ਗੋਲਡਸਟੋਨ ਕੰਸਲਟੈਂਟਸ, ਸਾਹਮਣੇ ਆਰ ਕੇ ਆਰੀਆ ਕਾਲਜ ਗਰਾਊਂਡ, ਨਵਾਂਸ਼ਹਿਰ ਜਿਸ ਨੂੰ ਕਿ 11 ਮਈ, 2015 ਨੂੰ ਲਾਇਸੰਸ ਨੰਬਰ 06/ਐਮ ਏ ਜਾਰੀ ਕੀਤਾ ਗਿਆ ਸੀ, ਦੇ ਪ੍ਰਬੰਧਕ ਅਮਿ੍ਰਤਪਾਲ ਸਿੰਘ ਪੁੱਤਰ ਸ਼ਿਵਪਾਲ ਸਿੰਘ ਵਾਸੀ ਮੁਹੱਲਾ ਹੀਰਾ ਜੱਟਾਂ, ਨਵਾਂਸ਼ਹਿਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਵੱਲੋਂ ਕੋਈ ਜੁਾਅਬ ਨਾ ਦਿੱਤੇ ਜਾਣ ਅਤੇ ਐਸ ਐਸ ਪੀ ਦਫ਼ਤਰ ਵੱਲੋਂ ਕੈਂਸਲ ਕਰਨ ਦੀ ਸਿਫ਼ਾਰਸ਼ ਬਾਅਦ ਇਹ ਲਾਇਸੰਸ ਵੀ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਇਸ ਲਾਇਸੰਸ ਦੀ ਮਿਆਦ 10 ਮਈ 2020 ਤੱਕ ਸੀ।
ਉਨ੍ਹਾਂ ਕਿਹਾ ਕਿ ਐਕਟ/ਰੂਲਜ਼ ਮੁਤਾਬਕ ਫ਼ਰਮਾਂ ਖਿਲਾਫ਼ ਕਿਸੇ ਵੀ ਸ਼ਿਕਾਇਤ ਆਦਿ ਜਾਂ ਭਰਪਾਈ ਲਈ ਉਕਤ ਲਾਇਸੰਸੀ ਜਿੰਮੇਂਵਾਰ ਹੋਣਗੇ।