ਚੰਡੀਗੜ੍ਹ, 2 ਸਤੰਬਰ 2025 – ਐਸ.ਏ.ਐਸ. ਨਗਰ ਪੁਲਿਸ ਵੱਲੋ ਵੱਡੀ ਸਫਲਤਾ ਹਾਸਿਲ ਕਰਦਿਆਂ, ਜੈਸ਼-ਏ-ਮੁਹੰਮਦ (ਜੇ.ਈ.ਐਮ) ਨਾਲ ਜੁੜੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ, ਇੱਕ ਕੈਬ ਡਰਾਈਵਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਥਿਆਰ ਅਤੇ ਵਾਹਨ ਬਰਾਮਦ ਕੀਤਾ ਗਿਆ ਹੈ।
ਮੋਹਾਲੀ ਦੇ ਨਵਾਂਗਾਓਂ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿੱਚ ਤੁਰੰਤ ਇੱਕ ਕੇਸ ਦਰਜ ਕੀਤਾ ਗਿਆ ਸੀ, ਜਦੋਂ ਉਸਦੀ ਗੱਡੀ ਅਣਪਛਾਤੇ ਹਮਲਾਵਰਾਂ ਦੁਆਰਾ ਜ਼ਬਰਦਸਤੀ ਖੋਹ ਲਈ ਗਈ ਸੀ।

ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਦੇ ਤਿੰਨ ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏ ‘ਤੇ ਲਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡਰਾਈਵਰ ਦੇ ਮੋਬਾਈਲ ਫੋਨ ਬੰਦ ਪਾਏ ਗਏ, ਜਿਸ ਨਾਲ ਤੁਰੰਤ ਸ਼ੱਕ ਪੈਦਾ ਹੋਇਆ। ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਤੁਰੰਤ ਕਾਰਵਾਈ ਕਰਦੇ ਹੋਏ, ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਖੋਹੀ ਗਈ ਗੱਡੀ ਅਤੇ ਅਪਰਾਧ ਵਿੱਚ ਵਰਤੀ ਗਈ .32 ਬੋਰ ਦੀ ਪਿਸਤੌਲ ਬਰਾਮਦ ਕਰ ਲਈ ਗਈ ਹੈ। ਪੁੱਛ-ਗਿੱਛ ਦੌਰਾਨ, ਮੁਲਜ਼ਮਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਅਤੇ ਬਾਅਦ ਵਿੱਚ ਮੋਹਾਲੀ ਖੇਤਰ ਵਿੱਚ ਲਾਸ਼ ਨੂੰ ਸੁੱਟਣ ਦੀ ਗੱਲ ਕਬੂਲ ਕੀਤੀ। ਲਾਸ਼ ਨੂੰ ਬਰਾਮਦ ਕਰਨ ਲਈ ਜਾਂਚ ਜਾਰੀ ਹੈ।
ਮੁਲਜ਼ਮ ਸਾਹਿਲ ਬਸ਼ੀਰ, ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਕਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਦਰਜ UAPA ਅਤੇ ਅਸਲਾ ਐਕਟ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹੈ। ਉਸਦੇ ਭਰਾ ਐਜਾਜ਼ ਅਹਿਮਦ ਨੂੰ ਪਹਿਲਾਂ ਜੈਸ਼-ਏ-ਮੁਹੰਮਦ ਨਾਲ ਸਬੰਧਤ ਹਥਿਆਰਾਂ ਅਤੇ ਸਮੱਗਰੀ ਦੇ ਜ਼ਖੀਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਓਵਰ ਗਰਾਊਂਡ ਵਰਕਰ (OGW) ਵਜੋਂ ਹੋਈ ਹੈ।
ਪੰਜਾਬ ਪੁਲਿਸ ਰਾਜ ਵਿੱਚ ਅਮਨ ਅਤੇ ਸੁਰੱਖਿਆ ਬਣਾਈ ਰੱਖਣ ਲਈ ਵਚਨਬੱਧ ਹੈ। ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਦੀ ਧਰਤੀ ‘ਤੇ ਕਿਸੇ ਵੀ ਤਰ੍ਹਾਂ ਦੀ ਰਾਸ਼ਟਰ-ਵਿਰੋਧੀ ਗਤੀਵਿਧੀ ਨੂੰ ਥਾਂ ਨਾ ਮਿਲ ਸਕੇ।
ਗ੍ਰਿਫ਼ਤਾਰ ਮੁਲਜ਼ਮਾਂ ਦਾ ਵੇਰਵਾ:
- ਸਾਹਿਲ ਬਸ਼ੀਰ ਪੁੱਤਰ ਬਸ਼ੀਰ ਅਹਿਮਦ
- ਮੁਨੀਸ਼ ਸਿੰਘ ਉਰਫ ਅੰਸ਼ ਪੁੱਤਰ ਸ਼ਮਸ਼ੇਰ ਸਿੰਘ
- ਐਜਾਜ਼ ਅਹਿਮਦ ਉਰਫ ਵਸੀਮ ਪੁੱਤਰ ਗੁਲਾਮ ਮੁਹੰਮਦ
(ਸਾਰੇ ਜੰਮੂ-ਕਸ਼ਮੀਰ ਦੇ ਵਸਨੀਕ)
