ਅੰਮ੍ਰਿਤਸਰ, 22 ਦਸੰਬਰ 2020 – ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਅੱਜ ਰਾਤ 12:05 ਵਜੇ ਲੰਦਨ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਆਉਣ ਵਾਲੇ ਸਾਰੇ ਯਾਤਰੀਆਂ ਨੂੰ ਰੋਕ ਲਿਆ ਗਿਆ ਹੈ ਅਤੇ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਨਿਰਦੇਸ਼ ਹੋਏ ਹਨ, ਕਿਉਂਕਿ ਬਰਤਾਨੀਆ ਵਿੱਚ ਨਵਾਂ ਕੋਰੋਨਾ ਆਉਣ ਦੇ ਸੰਕੇਤ ਮਿਲੇ ਹਨ। ਜਿਸ ਕਰਨ ਲੰਡਨ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਪੁੱਜੇ 244 ਯਾਤਰੀਆਂ ਨੂੰ ਕੋਰੋਨਾ ਟੈਸਟ ਕਰਨ ਵਾਸਤੇ ਰੋਕਿਆ ਹੋਇਆ ਹੈ।
ਉਥੇ ਹੀ ਇਹਨਾਂ ਯਾਤਰੀਆਂ ਨੂੰ ਲੈਣ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਏਅਰਪੋਰਟ ਦੇ ਬਾਹਰ ਖੱਜਲ-ਖੁਆਰ ਹੋ ਰਹੇ ਹਨ। ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਫਲਾਈਟ ਦੇ ਯਾਤਰੀ ਲੰਡਨ ਤੋਂ ਹੀ ਕੋਰੋਨਾ ਟੈਸਟ ਕਰਵਾ ਕੇ ਤੁਰੇ ਸਨ ਅਤੇ ਉਨ੍ਹਾਂ ਕੋਲ ਨੈਗੇਟਿਵ ਰਿਪੋਰਟਾਂ ਵੀ ਹਨ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੰਗ ਪਰੇਸ਼ਾਨ ਕਰਦਿਆਂ ਉਨ੍ਹਾਂ ਨੂੰ 8-10 ਘੰਟਿਆਂ ਤੋਂ ਰੋਕ ਕੇ ਰੱਖਿਆ ਹੋਇਆ ਹੈ।
ਅਸਲ ‘ਚ ਬ੍ਰਿਟੇਨ ‘ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਿਆ ਹੈ। ਇਸੇ ਵਜ੍ਹਾ ਕਾਰਨ ਕਈ ਯੂਰਪੀ ਦੇਸ਼ਾਂ ਨੇ ਬ੍ਰਿਟੇਨ ਤੋਂ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਇਸੇ ਕੜੀ ਤਹਿਤ ਭਾਰਤ ਸਰਕਾਰ ਨੇ ਵੀ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ 31 ਦਸੰਬਰ ਤੱਕ ਰੋਕ ਲਗਾ ਦਿੱਤੀ ਹੈ।