ਨੌਜਵਾਨ ਦੇ ਭਵਿੱਖ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਸਮਝਾ ਕੇ ਛੱਡਿਆ, ਅੰਮ੍ਰਿਤਪਾਲ ਬਾਰੇ ਸੋਸ਼ਲ ਮੀਡੀਆ ‘ਤੇ ਪਾਈ ਸੀ ਭੜਕਾਊ ਪੋਸਟ

ਗੁਰਦਾਸਪੁਰ, 27 ਮਾਰਚ 2023 – ਪੰਜਾਬ ਪੁਲਿਸ ਵੱਲੋਂ ‌ਅੰਮ੍ਰਿਤਪਾਲ ਨਾਲ ਸਬੰਧਤ ਪੋਸਟਾਂ ਸੋਸ਼ਲ ਮੀਡੀਆ ਤੇ ਫਾਰਵਰਡ ਕਰਨ ਦੋਸ਼ ਹੇਠ ਇਕ 20 ਸਾਲਾਂ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਪਰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸਮਝਾ ਕੇ ਅਤੇ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਤਾਂ ਜੋ ਉਸਦਾ ਭਵਿੱਖ ਖ਼ਰਾਬ ਨਾ ਹੋਏ। ਪਰਿਵਾਰ ਨੇ ਬਟਾਲਾ ਪੁਲਿਸ ਦਾ ਧੰਨਵਾਦ ਕੀਤਾ ਹੀ ਹੈ ਨਾਲ ਹੀ ਹੋਰ ਪੰਜਾਬੀ ਨੌਜਵਾਨਾਂ ਨੂੰ ਕਿਸੇ ਦੇ ਬਹਿਕਾਵੇ ਵਿਚ ਆ ਕੇ ਆਪਣਾ ਭਵਿੱਖ ਖਰਾਬ ਨਾ ਕਰਨ ਦੀ ਅਪੀਲ ਵੀ ਕੀਤੀ ਹੈ।

ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਜਦੋਂ ਬਟਾਲਾ ਦੇ ਰਹਿਣ ਵਾਲੇ 20 ਸਾਲਾਂ ਨੌਜਵਾਨ ਗੁਰਮੀਤ ਸਿੰਘ ਵਲੋਂ ਅੰਮ੍ਰਿਤਪਾਲ ਦੇ ਹੱਕ ਵਿੱਚ ਟੋਲ ਪਲਾਜ਼ੇ ਜਾਮ ਕਰਕੇ ਰੋਸ ਧਰਨਾ ਦੇਣ ਦੇ ਗਲਤ ਅਤੇ ਭੜਕਾਊ ਮੈਸੇਜ ਨੂੰ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਗਰੁੱਪਾਂ ਵਿੱਚ ਫਾਰਵਡ ਕਰਨਾ ਸ਼ੁਰੂ ਕਰ ਦਿੱਤਾ। ਬਟਾਲਾ ਪੁਲਿਸ ਹਰਕਤ ਵਿਚ ਆਈ ਅਤੇ ਜਾਂਚ ਕਰਦੇ ਹੋਏ ਉਕਤ ਨੌਜਵਾਨ ਦੇ ਘਰ ਪਹੁੰਚ ਗਈ। ਪੁਲਿਸ ਨੂੰ ਪਤਾ ਚਲਿਆ ਕਿ ਉਕਤ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਤੇ ਪਿਤਾ ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਪਰਿਵਾਰ ਦੀ ਬੇਕਗਰਾਊਂਡ ਚੈਕ ਕੀਤੀ ਜੋ ਸਾਫ ਸੁਥਰੀ ਪਾਈ ਗਈ। ਇਸਤੋਂ ਬਾਅਦ ਬਟਾਲਾ ਸਿਵਿਲ ਲਾਈਨ ਥਾਣੇ ਦੇ ਇੰਚਾਰਜ ਕੁਲਵੰਤ ਸਿੰਘ ਨੇ ਉਕਤ ਨੌਜਵਾਨ ਅਤੇ ਉਸਦੀ ਮਾਤਾ ਨੂੰ ਸਮਝਾਇਆ ਕਿ ਇਸ ਤਰ੍ਹਾਂ ਦੇ ਮੈਸਜ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਅਤੇ ਬਿਨਾਂ ਵਜ੍ਹਾ ਲੋਕ ਪਰੇਸ਼ਾਨ ਹੋ ਸਕਦੇ ਹਨ। ਇਸ ਲਈ ਇਹੋ ਜਿਹੇ ਮੈਸਜ ਜੋ ਗਲਤ ਹਨ ਪੋਸਟ ਨਹੀਂ ਕਰਨੇ ਚਾਹੀਦੇ ਕਿਉਕਿ ਇਸ ਨਾਲ ਉਕਤ ਨੌਜਵਾਨ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਪੁਲਿਸ ਦੇ ਸਮਝਾਉਣ ਦੇ ਨਾਲ ਉਕਤ ਨੌਜਵਾਨ ਨੇ ਆਪਣੀ ਗਲਤੀ ਮੰਨੀ ਅਤੇ ਉਕਤ ਮੈਸੇਜ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕੀਤਾ। ਊਸ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨ ਨੂੰ ਬਿਨਾਂ ਕਾਰਵਾਈ ਕਰਦੇ ਹੋਏ ਛੱਡ ਦਿੱਤਾ ਤਾਂਕਿ ਨੌਜਵਾਨ ਦਾ ਭਵਿੱਖ ਖਰਾਬ ਨਾ ਹੋਵੇ।

ਉੱਥੇ ਹੀ ਉਕਤ ਨੌਜਵਾਨ ਅਤੇ ਉਸਦੀ ਮਾਤਾ ਨੇ ਬਟਾਲਾ ਪੁਲਿਸ ਦਾ ਧੰਨਵਾਦ ਕਰਦੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਭਵਿੱਖ ਨੂੰ ਖਰਾਬ ਨਾ ਕਰੋ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ, ਲੁਟੇਰਾ ਮੌਕਾ ਦੇਖ ਹੋਇਆ ਫਰਾਰ

ਅੰਮ੍ਰਿਤਪਾਲ ਮਾਮਲਾ: ਗ੍ਰਿਫ਼ਤਾਰ ਕੀਤੇ ਗਏ 353 ਵਿਅਕਤੀਆਂ ‘ਚੋਂ 197 ਨੂੰ ਕੀਤਾ ਰਿਹਾਅ