ਚੰਡੀਗੜ੍ਹ, 9 ਮਈ 2022 – ਇਸ ਵਾਰ ਮੌਸਮ ਦੀ ਮਾਰ ਕਣਕ ਦੀ ਫ਼ਸਲ ਨੂੰ ਪਈ ਹੈ। ਅਗੇਤੀ ਗਰਮੀ ਕਾਰਨ ਦਾਣੇ ਸੁੰਗੜ ਜਾਣ ਕਾਰਨ ਝਾੜ ਵਿੱਚ ਪ੍ਰਤੀ ਏਕੜ ਘੱਟੋ-ਘੱਟ ਪੰਜ ਕੁਇੰਟਲ ਦਾ ਫਰਕ ਆਇਆ ਹੈ। ਪੰਜਾਬ ਦੀਆਂ ਮੰਡੀਆਂ, ਜਿਨ੍ਹਾਂ ਵਿੱਚ ਪਿਛਲੇ ਸਾਲ 133.28 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਸਟੋਰ ਕੀਤੀ ਗਈ ਸੀ, ਹੁਣ ਸੀਜ਼ਨ ਖ਼ਤਮ ਹੋਣ ਦੇ ਨੇੜੇ ਹੈ ਅਤੇ ਹੁਣ ਤੱਕ ਸਿਰਫ਼ 101 ਲੱਖ ਮੀਟ੍ਰਿਕ ਟਨ ਹੀ ਸਟੋਰ ਕੀਤਾ ਗਿਆ ਹੈ। ਇਹ ਪਿਛਲੇ ਸਾਲ ਨਾਲੋਂ 32.28 ਲੱਖ ਮੀਟ੍ਰਿਕ ਟਨ ਘੱਟ ਹੈ। ਇਸ ਵਾਰ ਮੌਸਮ ਕਾਰਨ ਕਣਕ ਦੀ ਪੈਦਾਵਾਰ ਘਟੀ ਹੈ।
ਮੰਡੀਆਂ ਵਿੱਚ ਕਣਕ ਦੀ ਘੱਟ ਆਮਦ ਅਤੇ ਖਰੀਦ ਵਿੱਚ ਗਿਰਾਵਟ ਕਾਰਨ ਇਸ ਸੀਜ਼ਨ ਵਿੱਚ 7200 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਘਾਟੇ ਨੇ ਮੰਡੀਆਂ ਵਿੱਚ ਹੇਠਲੇ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਸਭ ਨੂੰ ਪ੍ਰਭਾਵਿਤ ਕੀਤਾ ਹੈ। ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਮੰਡੀ ਬੋਰਡਾਂ ਤੋਂ ਲੈ ਕੇ ਟਰਾਂਸਪੋਰਟਰ ਤੱਕ ਸਾਰੇ ਹੀ ਨੁਕਸਾਨ ਕਾਰਨ ਪ੍ਰਭਾਵਿਤ ਹੋਏ ਹਨ। ਇਸ ਵਾਰ ਸਾਰਿਆਂ ਦੀ ਕਮਾਈ ਘੱਟ ਗਈ ਹੈ।
ਇੱਕ ਕੁਇੰਟਲ ਕਣਕ ਕਿਸਾਨ ਨੂੰ 2,015 ਰੁਪਏ, ਪੰਜਾਬ ਮੰਡੀ ਬੋਰਡ ਨੂੰ 121 ਰੁਪਏ, ਇੱਕ ਆੜ੍ਹਤੀਆ ਨੂੰ 45.83 ਰੁਪਏ, ਇੱਕ ਮਜ਼ਦੂਰ ਨੂੰ 24.58 ਰੁਪਏ ਅਤੇ ਇੱਕ ਟਰਾਂਸਪੋਰਟਰ ਨੂੰ 27.81 ਰੁਪਏ ਸਟੋਰੇਜ ਲਈ ਮਿਲਦੀ ਹੈ। ਮੰਡੀ ਬੋਰਡ ਦੇ ਅਧਿਕਾਰੀਆਂ ਅਨੁਸਾਰ ਇਸ ਵਾਰ ਮੰਡੀਆਂ ਵਿੱਚ ਕਣਕ ਦੀ ਕਮੀ ਕਾਰਨ ਕਰੀਬ 7200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
2021 ਦੇ ਮੁਕਾਬਲੇ ਇਸ ਸਾਲ ਕਣਕ ਦੀ ਬਿਜਾਈ ਹੇਠਲਾ ਰਕਬਾ ਵੀ ਘੱਟ ਰਿਹਾ ਹੈ। ਪਿਛਲੇ ਸਾਲ ਕਣਕ ਦਾ ਰਕਬਾ 35.14 ਲੱਖ ਹੈਕਟੇਅਰ ਸੀ ਜੋ ਇਸ ਸਾਲ 35.02 ਲੱਖ ਹੈਕਟੇਅਰ ਹੋ ਗਿਆ ਹੈ। 2008 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਕਣਕ ਦੇ ਝਾੜ ਵਿੱਚ ਇੰਨੀ ਵੱਡੀ ਗਿਰਾਵਟ ਆਈ ਹੈ। ਸਾਲ 2008 ‘ਚ ਭਾਰੀ ਗਿਰਾਵਟ ਕਾਰਨ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਨਿੱਜੀ ਖਰੀਦ ‘ਤੇ ਪੂਰਨ ਤੌਰ ‘ਤੇ ਰੋਕ ਲਗਾ ਦਿੱਤੀ ਸੀ ਪਰ ਬਾਅਦ ‘ਚ ਵੱਡੀਆਂ ਕੰਪਨੀਆਂ ਦੇ ਦਬਾਅ ਹੇਠ ਕੇਂਦਰ ਸਰਕਾਰ ਨੇ ਸਿਰਫ 25 ਹਜ਼ਾਰ ਟਨ ਕਣਕ ਹੀ ਖਰੀਦਣ ਦੀ ਇਜਾਜ਼ਤ ਦਿੱਤੀ ਸੀ।
ਰਾਜ ਦੇ ਖੇਤੀਬਾੜੀ ਵਿਭਾਗ ਵੱਲੋਂ ਹਾਲ ਹੀ ਵਿੱਚ ਫ਼ਸਲ ਦੀ ਵਾਢੀ ਦੇ ਅੰਕੜਿਆਂ ਅਨੁਸਾਰ ਕਣਕ ਦੇ ਝਾੜ ਵਿੱਚ ਔਸਤਨ ਪੰਜ ਕੁਇੰਟਲ ਪ੍ਰਤੀ ਹੈਕਟੇਅਰ ਦੀ ਕਮੀ ਆਈ ਹੈ। ਸੂਬੇ ਵਿੱਚ ਪਿਛਲੇ ਸਾਲ 48.68 ਕੁਇੰਟਲ ਪ੍ਰਤੀ ਹੈਕਟੇਅਰ ਕਣਕ ਦਾ ਉਤਪਾਦਨ ਹੋਇਆ ਸੀ। ਪਿਛਲੇ ਸਾਲ ਪੰਜਾਬ ਦੀ ਕੁੱਲ ਕਣਕ ਦੀ ਪੈਦਾਵਾਰ 171 ਲੱਖ ਟਨ ਦੇ ਕਰੀਬ ਸੀ। ਇਸ ਕਾਰਨ 132 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਜੋ ਮਿੱਥਿਆ ਗਿਆ ਸੀ, ਉਹ ਵੀ ਪਿੱਛੇ ਰਹਿ ਗਿਆ ਹੈ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਘੱਟ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਵਾਰ ਕਈ ਕਿਸਾਨਾਂ ਨੇ ਆਪਣੀ ਫ਼ਸਲ ਮੰਡੀਆਂ ਵਿੱਚ ਵੇਚਣ ਦੀ ਬਜਾਏ ਆਪਣੇ ਪੱਧਰ ’ਤੇ ਹੀ ਸਟੋਰ ਕਰ ਲਈ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਉਹ ਆਫ ਸੀਜ਼ਨ ‘ਚ ਸਟੋਰ ਕੀਤੀ ਕਣਕ ਨੂੰ ਨਿੱਜੀ ਕੰਪਨੀਆਂ ਨੂੰ ਮਹਿੰਗੇ ਭਾਅ ‘ਤੇ ਵੇਚਣਗੇ।