ਲੁਧਿਆਣਾ, 4 ਅਪ੍ਰੈਲ 2025 – ਦੁੱਗਰੀ ਦੇ ਹਿੰਮਤ ਸਿੰਘ ਨਗਰ ਇਲਾਕੇ ’ਚ ਦਿਨ-ਦਿਹਾੜੇ ਇਕ ਵਿਅਕਤੀ ਨੇ ਰਿਲੀਫ ਸਪਾ ਸੈਂਟਰ ’ਚ ਕੰਮ ਕਰਦੀ ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਉਸ ਦੀ ਗਰਦਨ ’ਤੇ ਵਾਰ ਕੀਤਾ, ਜਿਸ ਨੂੰ ਜ਼ਖਮੀ ਹਾਲਤ ’ਚ ਦੀਪ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੋਵੇਂ ਪਿਛਲੇ 1 ਸਾਲ ਤੋਂ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਸਨ। ਹਮਲੇ ਦੌਰਾਨ ਸਪਾ ਸੈਂਟਰ ’ਚ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਬਾਅਦ ’ਚ ਪੁਲਸ ਦੇ ਹਵਾਲੇ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਹਮਲਾਵਰ ਨੂੰ ਕਾਬੂ ਕਰਦੇ ਹੋਏ ਇਕ ਹੋਰ ਨੌਜਵਾਨ ਵੀ ਜ਼ਖਮੀ ਹੋ ਗਿਆ। ਘਟਨਾ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਥਾਣਾ ਦੁੱਗਰੀ ਦੇ ਇੰਸ. ਨਿਰਪਿੰਦਰ ਸਿੰਘ ਫੋਰੈਂਸਿਕ ਟੀਮ ਨਾਲ ਮੌਕੇ ’ਤੇ ਪਹੁੰਚੇ। ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮ੍ਰਿਤਕ ਔਰਤ ਦੀ ਪਛਾਣ 32 ਸਾਲਾ ਅਖਵਿੰਦਰ ਕੌਰ ਵਾਸੀ ਪਿੰਡ ਬਹੋੜ, ਨੇੜੇ ਡੇਹਲੋਂ ਵਜੋਂ ਕੀਤੀ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੀ ਭੈਣ ਹਰਜੀਤ ਕੌਰ ਦੇ ਬਿਆਨਾਂ ’ਤੇ ਕਤਲ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸਿਮਰਜੀਤ ਸਿੰਘ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ।
ਇੰਸ. ਨਿਰਪਿੰਦਰ ਸਿੰਘ ਨੇ ਦੱਸਿਆ ਕਿ ਸਪਾ ਸੈਂਟਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਕਾਰਵਾਈ ਕੀਤੀ ਜਾਵੇਗੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਔਰਤ ਕਰੀਬ 3 ਵਜੇ ਰਿਲੀਫ ਸਪਾ ਸੈਂਟਰ ਦੇ ਅੰਦਰ ਮੌਜੂਦ ਸੀ। ਜਿਉਂ ਹੀ ਦੋਸ਼ੀ ਸਪਾ ਸੈਂਟਰ ’ਚ ਆਇਆ ਤਾਂ ਉਸ ਦੀ ਔਰਤ ਨਾਲ ਬਹਿਸ ਹੋ ਗਈ। ਗੁੱਸੇ ’ਚ ਆ ਕੇ ਦੋਸ਼ੀ ਨੇ ਔਰਤ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਔਰਤ ਦਾ ਖੂਨ ਵਗਣਾ ਸ਼ੁਰੂ ਹੋ ਗਿਆ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕਾ ਦੇਖ ਕੇ ਮੁਲਜ਼ਮ ਭੱਜਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਦਬੋਚ ਲਿਆ।

ਔਰਤ ਦੀ ਭੈਣ ਨੇ ਦੱਸਿਆ ਕਿ ਅਖਵਿੰਦਰ ਦਾ ਆਪਣੇ ਪਤੀ ਨਾਲ ਕਾਫੀ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਅਖਵਿੰਦਰ ਆਪਣੇ ਲੜਕੇ ਅਤੇ ਬੇਟੀ ਨਾਲ ਪਿੰਡ ਡੇਹਲੋਂ ਕੋਲ ਰਹਿੰਦੀ ਸੀ। ਉਕਤ ਮੁਲਜ਼ਮ ਨਾਲ ਉਸ ਦਾ ਕਰੀਬ 1 ਸਾਲ ਤੋਂ ਸਬੰਧ ਸੀ। ਉਹ ਆਪਣੇ ਪੈਸੇ ਕਮਾ ਕੇ ਆਪਣਾ ਘਰ ਚਲਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੀ ਅਕਸਰ ਉਸ ਨਾਲ ਅਣਬਣ ਰਹਿੰਦੀ ਸੀ। ਉਹ ਉਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਦਾ ਸੀ ਅਤੇ ਤਲਾਕ ਨਾ ਹੋਣ ਕਾਰਨ ਔਰਤ ਉਸ ਨੂੰ ਇਨਕਾਰ ਕਰ ਰਹੀ ਸੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਕਈ ਵਾਰ ਸਪਾ ਸੈਂਟਰ ’ਚ ਆਉਂਦਾ ਸੀ ਅਤੇ ਉਸ ਨਾਲ ਝਗੜਾ ਕਰਦਾ ਸੀ।
ਵੀਰਵਾਰ ਨੂੰ ਵੀ ਜਦੋਂ ਉਹ ਆਇਆ ਤਾਂ ਉਨ੍ਹਾਂ ਨੇ ਕਾਫੀ ਦੇਰ ਤੱਕ ਬਹਿਸ ਕੀਤੀ ਅਤੇ ਬਾਅਦ ’ਚ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
