ਲੁਧਿਆਣਾ, 7 ਜੁਲਾਈ 2024 – ਪ੍ਰੇਮ ਵਿਆਹ ਤੋਂ ਬਾਅਦ ਪਤੀ-ਪਤਨੀ (ਪ੍ਰੇਮੀ ਜੋੜੇ) ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਰ ਜਿਸ ਹਾਲਾਤ ‘ਚ ਪਤੀ ਨੇ ਨਹਿਰ ‘ਚ ਛਾਲ ਮਾਰੀ, ਉਸ ਨੂੰ ਦੇਖਦੇ ਹੋਏ ਕਤਲ ਦਾ ਸ਼ੱਕ ਵੀ ਪੈਦਾ ਹੋ ਰਿਹਾ ਹੈ। 30 ਜੂਨ ਨੂੰ ਡੇਹਲੋਂ ਥਾਣੇ ਵਿੱਚ 21 ਸਾਲਾ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਲੜਕੀ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ 21 ਸਾਲਾ ਲੜਕੀ ਰਾਜਜੋਤ ਕੌਰ ਪੱਖੋਵਾਲ ਰੋਡ ’ਤੇ ਹੰਗਰੀ ਵਿਲਾ ਨਾਂ ਦੀ ਜਗ੍ਹਾ ’ਤੇ ਕੰਮ ਕਰਦੀ ਹੈ।
ਘਟਨਾ ਵਾਲੇ ਦਿਨ ਉਹ ਦੇਰ ਰਾਤ ਤੱਕ ਘਰ ਨਹੀਂ ਪਰਤੀ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਲੜਕੀ ਦਾ 1 ਜੁਲਾਈ ਨੂੰ ਕਿਲਾ ਰਾਏਕੋਟ ਦੇ ਰਹਿਣ ਵਾਲੇ ਹਰਸ਼ਨਜੋਤ ਸਿੰਘ ਪੁੱਤਰ ਜਸਵੀਰ ਸਿੰਘ ਨਾਲ ਪ੍ਰੇਮ ਵਿਆਹ ਹੋਇਆ ਸੀ। ਵਿਆਹ ਤੋਂ ਚਾਰ ਦਿਨ ਬਾਅਦ ਦੋਵਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ।
ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 11 ਵਜੇ ਲੜਕੀ ਦੀ ਲਾਸ਼ ਨਹਿਰ ਤੋਂ ਜਗੇੜੇ ਨਹਿਰ ਵੱਲ ਨੂੰ ਮਿਲੀ। ਜਿਸ ਦੀ ਪਹਿਚਾਣ ਰਾਜਜੋਤ ਕੌਰ ਵਜੋਂ ਹੋਈ ਹੈ। ਜਿਸ ਤੋਂ ਬਾਅਦ ਦੇਰ ਸ਼ਾਮ ਹਰਸ਼ਨਜੋਤ ਸਿੰਘ ਦੀ ਲਾਸ਼ ਕੰਗਣਵਾਲ ਜ਼ਿਲ੍ਹੇ ਦੇ ਮਲੇਰਕੋਟਲਾ ਵਾਲੇ ਪਾਸੇ ਤੋਂ ਨਹਿਰ ‘ਚ ਤੈਰਦੀ ਮਿਲੀ।