ਲੁਧਿਆਣਾ, 17 ਜੂਨ 2023 – ਲੁਧਿਆਣਾ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਡਾਕੂ ਹਸੀਨਾ ਮਨਦੀਪ ਕੌਰ ਉਰਫ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਜੱਸਾ ਵਾਸੀ ਡੇਹਲੋਂ ਨੂੰ ਪੰਜਾਬ ਪੁਲਸ ਨੇ ਖੁੱਲ੍ਹੀ ਚੁਣੌਤੀ ਦਿੱਤੀ ਹੈ। ਅੱਜ ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਜਸਵਿੰਦਰ ਸਿੰਘ ਤੁਸੀਂ ਭੱਜੋ ਜਿੰਨਾ ਤੇਜ਼ ਭੱਜ ਸਕਦੇ ਹੋ, ਪਰ ਤੁਸੀਂ ਬਚ ਨਹੀਂ ਸਕਦੇ। ਤੁਹਾਨੂੰ ਜਲਦੀ ਹੀ ਪਿੰਜਰੇ ਵਿੱਚ ਪਾ ਦਿੱਤਾ ਜਾਵੇਗਾ।
ਪੁਲਿਸ ਦੀ ਇਸ ਪੋਸਟ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪੁਲਿਸ ਡਕੈਤ ਹਸੀਨਾ ਦੇ ਕਰੀਬ ਪਹੁੰਚ ਗਈ ਹੈ। ਦੱਸ ਦੇਈਏ ਕਿ ਪੁਲਿਸ ਨੇ ਛਾਪੇਮਾਰੀ ਕਰਨ ਲਈ ਪੰਜਾਬ ਤੋਂ ਬਾਹਰ ਵੀ ਟੀਮਾਂ ਭੇਜੀਆਂ ਹਨ। ਪੁਲਿਸ ਲਗਾਤਾਰ ਮੋਨਾ ਅਤੇ ਉਸਦੇ ਪਤੀ ਨੂੰ ਸਲਾਖਾਂ ਪਿੱਛੇ ਡੱਕਣ ਦੀ ਯੋਜਨਾ ਬਣਾ ਰਹੀ ਹੈ। ਹੁਣ ਤੱਕ ਪੁਲਿਸ ਇਸ ਮਾਮਲੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। 5 ਲੋਕਾਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਨੇ 5 ਕਰੋੜ 75 ਲੱਖ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਬਾਕੀ ਪੈਸੇ ਮਨਦੀਪ ਕੌਰ ਕੋਲ ਹਨ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਦੋਸ਼ੀਆਂ ਨੂੰ ਫੜਨ ਲਈ ਹੁਣ ਤੱਕ ਕਰੀਬ 1 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਨਾਲ ਮਜ਼ਦੂਰਾਂ ਨੂੰ ਪੈਸੇ ਦੀ ਭਾਲ ਲਈ ਸੀਵਰੇਜ ਲਾਈਨਾਂ ਵਿੱਚ ਵੜਨਾ ਪਿਆ। ਮੁਲਜ਼ਮਾਂ ਨੇ ਵਾਰਦਾਤ ਵਾਲੇ ਦਿਨ ਕਾਲੇ ਕੱਪੜੇ ਪਹਿਨਣ ਦੀ ਯੋਜਨਾ ਬਣਾਈ ਸੀ, ਤਾਂ ਜੋ ਰਾਤ ਸਮੇਂ ਕੁਝ ਨਜ਼ਰ ਨਾ ਆਵੇ।
ਉਨ੍ਹਾਂ ਵਿਚੋਂ ਕੁਝ ਹੀ ਕਾਲੇ ਕੱਪੜੇ ਪਹਿਨਦੇ ਸਨ। ਉਨ੍ਹਾਂ ਦੱਸਿਆ ਸੀ ਕਿ ਮਾਮਲੇ ਨੂੰ ਸੁਲਝਾਉਣ ਲਈ ਆਏ ਸਾਰੇ ਖਰਚੇ ਦੀ ਵਸੂਲੀ ਕੰਪਨੀ ਤੋਂ ਹੀ ਕਰਵਾਉਣ ਲਈ ਡੀਜੀਪੀ ਨਾਲ ਗੱਲਬਾਤ ਚੱਲ ਰਹੀ ਹੈ।
ਮੋਨਾ ਬਚਪਨ ਤੋਂ ਹੀ ਆਪਣੇ ਨਾਨਾ-ਨਾਨੀ ਨਾਲ ਰਹਿ ਰਹੀ ਹੈ। ਉਹ ਦਿੱਲੀ ਆਉਂਦੀ-ਜਾਂਦੀ ਰਹਿੰਦੀ ਸੀ। ਉਹ ਕੁਝ ਸਾਲਾਂ ਤੋਂ ਇੱਥੇ ਰਹਿ ਰਹੀ ਸੀ। ਵੱਡਾ ਭਰਾ ਕਾਕਾ ਅਕਸਰ ਮੋਨਾ ਦਾ ਉਸ ਦੀਆਂ ਹਰਕਤਾਂ ਕਰਕੇ ਵਿਰੋਧ ਕਰਦਾ ਰਿਹਾ ਹੈ। ਉਹ ਦਿਹਾੜੀਦਾਰ ਹੈ। ਉਹ ਕਈ ਦਿਨ ਘਰੋਂ ਬਾਹਰ ਰਹਿੰਦੀ ਸੀ। ਮੋਨਾ ਦਾ ਇਹ ਤੀਜਾ ਵਿਆਹ ਹੈ। ਉਸ ਦਾ ਵਿਆਹ 4 ਮਹੀਨੇ ਪਹਿਲਾਂ ਹੀ ਬਰਨਾਲਾ ਦੇ ਜਸਵਿੰਦਰ ਸਿੰਘ ਨਾਲ ਹੋਇਆ ਸੀ। ਇਸ ਦੌਰਾਨ ਉਸ ਨੇ ਮਨਜਿੰਦਰ ਮਨੀ ਨੂੰ ਵੀ ਆਪਣੇ ਜਾਲ ਵਿੱਚ ਫਸਾ ਲਿਆ। ਜਿਸ ਕਾਰਨ ਮਨਜਿੰਦਰ ਮਨੀ ਅਤੇ ਮੋਨਾ ਇਸ ਲੁੱਟ ਦੇ ਮੁੱਖ ਦੋਸ਼ੀ ਹਨ।
ਮੋਨਾ ਅਤੇ ਉਸਦੇ ਪਤੀ ਜਸਵਿੰਦਰ ਨੂੰ ਫੜਨ ਲਈ ਪੁਲਿਸ ਦੀਆਂ 10 ਟੀਮਾਂ ਅਜੇ ਵੀ ਕੰਮ ਕਰ ਰਹੀਆਂ ਹਨ। ਪੁਲਿਸ ਨੇ ਨੇਪਾਲ ਬਾਰਡਰ ਤੱਕ ਟੀਮਾਂ ਭੇਜ ਦਿੱਤੀਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਪਤੀ-ਪਤਨੀ ਦੋਵਾਂ ਦੇ ਖਿਲਾਫ ਐਲਓਸੀ ਜਾਰੀ ਕਰ ਦਿੱਤੀ ਹੈ ਤਾਂ ਜੋ ਉਹ ਵਿਦੇਸ਼ ਭੱਜ ਨਾ ਸਕਣ। ਪੁਲਿਸ ਨੇ ਮੋਨਾ ਦੇ ਪਰਿਵਾਰਕ ਮੈਂਬਰਾਂ ਸਮੇਤ ਉਸਦੀ ਮਾਂ ਅਤੇ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।