ਚੰਡੀਗੜ੍ਹ: 19 ਅਕਤੂਬਰ 2022 – ਕਿਸੇ ਸਮੇਂ ਖ਼ਰਚੇ ਘਟਾਉਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੇ ਹੁਣ 8 ਤੋਂ 10 ਸੀਟਰ ਵਾਲਾ ਜਹਾਜ਼ ਕਿਰਾਏ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸਰਕਾਰ ਵੱਲੋਂ ਟੈਂਡਰ ਵੀ ਮੰਗੇ ਗਏ ਹਨ। ਪੰਜਾਬ ਕੋਲ ਆਪਣਾ ਹੈਲੀਕਾਪਟਰ ਹੈ, ਪਰ ਹੁਣ ਸਰਕਾਰ ਏਅਰ ਕ੍ਰਾਫਟ ਵੀ ਕਿਰਾਏ ‘ਤੇ ਲੈ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲੈ ਕੇ ਕੰਮ ਚਲਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਰ ਮਹੀਨੇ ਲੱਖਾਂ ਵਿੱਚ ਮੇਨਟੇਨੈਂਸ ਚਾਰਜ ਹੋਵੇਗਾ। ਪੰਜਾਬ ਸਰਕਾਰ ਪਾਇਲਟ ਦਾ ਖ਼ਰਚਾ ਵੀ ਖੁਦ ਚੁੱਕੇਗੀ।
ਹੈਰਾਨੀ ਦੀ ਗੱਲ ਹੈ ਕਿ ਚੋਣਾਂ ਦੌਰਾਨ ਅਤੇ ਜਿੱਤ ਤੋਂ ਬਾਅਦ ਹੁਣ ਤੱਕ ਆਪ ਸਰਕਾਰ ਨੇ ਹਮੇਸ਼ਾਂ ਇਹੀ ਰਾਗ ਅਲਾਪਿਆ ਹੈ ਕੇ ਉਹ ਵਾਧੂ ਖਰਚਿਆਂ ‘ਤੇ ਕੰਟਰੋਲ ਕਰੇਗੀ। ਹਾਲ ਹੀ ‘ਚ ਮਾਨ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਪੰਜਾਬ ਸਰਕਾਰ ਦੇ ਦਫ਼ਤਰ ‘ਚ ਆਉਣ ਵਾਲਿਆਂ ਦੀ ਆਓ-ਭਗਤ ‘ਤੇ ਹੁਣ ਖ਼ਰਚਾ ਨਹੀਂ ਕੀਤਾ ਜਾਵੇਗਾ।