ਮਾਨ ਨੇ ਹਿਮਾਚਲ ਪ੍ਰਦੇਸ਼ ਦੇ CM ਕੋਲ ਪ੍ਰਸਤਾਵਿਤ ਵਾਟਰ ਸੈੱਸ ਦਾ ਮੁੱਦਾ ਉਠਾਇਆ, ਸੁੱਖੂ ਨੇ ਵੀ ਕੀਤਾ ਸਪੱਸ਼ਟ

  • ਸੁਖਵਿੰਦਰ ਸੁੱਖੂ ਨੇ ਸਪੱਸ਼ਟ ਕੀਤਾ ਕਿ ਵਾਟਰ ਸੈੱਸ ਸਿਰਫ਼ ਹਿਮਾਚਲ ਪ੍ਰਦੇਸ਼ ਵਿੱਚ ਹਾਈਡਰੋ ਪਾਵਰ ਪ੍ਰਾਜੈਕਟਾਂ ‘ਤੇ ਹੀ ਲਾਗੂ ਹੋਵੇਗਾ
  • ਦੋਵੇਂ ਮੁੱਖ ਮੰਤਰੀ ਸ੍ਰੀ ਆਨੰਦਪੁਰ ਸਾਹਿਬ-ਨੈਨਾ ਦੇਵੀ ਜੀ ਅਤੇ ਪਠਾਨਕੋਟ-ਡਲਹੌਜ਼ੀ ਰੋਪਵੇਅ ਸਥਾਪਤ ਕਰਨ ਲਈ ਸਹਿਮਤ

ਚੰਡੀਗੜ੍ਹ, 29 ਮਾਰਚ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿਮਾਚਲ ਪ੍ਰਦੇਸ਼ ਵੱਲੋਂ ਹਾਈਡਰੋ ਪਾਵਰ ਪਲਾਂਟਾਂ ‘ਤੇ ਪ੍ਰਸਤਾਵਿਤ ਵਾਟਰ ਸੈੱਸ ਲਾਉਣ ਦਾ ਮੁੱਦਾ ਬੁੱਧਵਾਰ ਨੂੰ ਪਹਾੜੀ ਰਾਜ ਦੇ ਆਪਣੇ ਹਮਰੁਤਬਾ ਸੁਖਵਿੰਦਰ ਸੁੱਖੂ ਕੋਲ ਉਠਾਇਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅੱਜ ਸਵੇਰੇ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪਣ-ਬਿਜਲੀ ਪਲਾਂਟਾਂ ‘ਤੇ ਪ੍ਰਸਤਾਵਿਤ ਵਾਟਰ ਸੈੱਸ ਲਾਗੂ ਕਰਨ ਬਾਰੇ ਸੂਬੇ ਦੀ ਚਿੰਤਾ ਜ਼ਾਹਰ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਸ ਨੂੰ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਸੂਬੇ ਦੇ ਹਿੱਤਾਂ ਖ਼ਿਲਾਫ਼ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਾਟਰ ਸੈੱਸ ਸਿਰਫ਼ ਉਨ੍ਹਾਂ ਦੇ ਆਪਣੇ ਸੂਬੇ ਦੇ ਪਣ-ਬਿਜਲੀ ਪਲਾਂਟਾਂ ‘ਤੇ ਲਗਾਇਆ ਜਾਵੇਗਾ ਅਤੇ ਕਿਹਾ ਕਿ ਇਹ ਪੰਜਾਬ ਵਿੱਚ ਲਾਗੂ ਨਹੀਂ ਹੋਵੇਗਾ।

ਮਸਲੇ ਦੇ ਹੱਲ ਲਈ ਦੋਵਾਂ ਮੁੱਖ ਮੰਤਰੀਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਰਾਜਾਂ ਦੇ ਮੁੱਖ ਸਕੱਤਰ ਅਤੇ ਬਿਜਲੀ ਸਕੱਤਰ ਹਰ ਪੰਦਰਵਾੜੇ ਬਾਅਦ ਮੀਟਿੰਗ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਜਾਂ ਵਿਚਕਾਰ ਕੋਈ ਝਗੜਾ ਨਾ ਹੋਵੇ। ਉਨ੍ਹਾਂ ਕਿਹਾ ਕਿ ਦੋਵਾਂ ਰਾਜਾਂ ਦੇ ਉੱਚ ਅਧਿਕਾਰੀ ਰਾਜਾਂ ਨੂੰ ਦਰਪੇਸ਼ ਮੁੱਦਿਆਂ ਨੂੰ ਆਪਸੀ ਤਾਲਮੇਲ ਨਾਲ ਹੱਲ ਕਰਨਗੇ ਤਾਂ ਜੋ ਉਨ੍ਹਾਂ ਵਿਚਕਾਰ ਕਿਸੇ ਮਸਲੇ ਉਤੇ ਕੋਈ ਮਤਭੇਦ ਨਾ ਰਹੇ। ਦੋਵਾਂ ਮੁੱਖ ਮੰਤਰੀਆਂ ਨੇ ਦੋਵਾਂ ਰਾਜਾਂ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਹਿਮਤੀ ਪ੍ਰਗਟਾਈ।

ਇਕ ਹੋਰ ਮੁੱਦਾ ਚੁੱਕਦਿਆਂ ਮੁੱਖ ਮੰਤਰੀ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਜੀ ਵਿਚਕਾਰ ਰੋਪਵੇਅ ਦੀ ਵਕਾਲਤ ਕੀਤੀ ਤਾਂ ਜੋ ਦੋਵਾਂ ਰਾਜਾਂ ਨੂੰ ਆਪਸੀ ਲਾਭ ਹੋ ਸਕੇ। ਉਨ੍ਹਾਂ ਕਿਹਾ ਕਿ ਰੋਪਵੇਅ ਨਾਲ ਇਨ੍ਹਾਂ ਦੋਵਾਂ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲੱਖਾਂ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ। ਦੋਵੇਂ ਮੁੱਖ ਮੰਤਰੀਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਇਹ ਪ੍ਰਾਜੈਕਟ ਦੋਵਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਬਣਾਵੇਗਾ, ਜੋ ਇਕ ਦੂਜੇ ਤੋਂ ਕਾਫ਼ੀ ਦੂਰ ਸਥਿਤ ਹਨ ਅਤੇ ਪਹਾੜੀ ਖੇਤਰ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰਦਾ ਹੈ।

ਇਸ ਦੌਰਾਨ ਦੋਵਾਂ ਮੁੱਖ ਮੰਤਰੀਆਂ ਨੇ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਪਠਾਨਕੋਟ-ਡਲਹੌਜ਼ੀ ਰੋਪਵੇਅ ਪ੍ਰਾਜੈਕਟ ਸਥਾਪਤ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਦੇ ਨਾਲ-ਨਾਲ ਇਹ ਦੋਵਾਂ ਰਾਜਾਂ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰੇਗਾ। ਦੋਵਾਂ ਆਗੂਆਂ ਨੇ ਇਸ ਖੇਤਰ ਵਿੱਚ ਸੈਰ-ਸਪਾਟੇ ਦੀ ਵੱਡੀ ਸੰਭਾਵਨਾ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਸੈਰ-ਸਪਾਟੇ ਦੀ ਸਹੂਲਤ ਲਈ ਸਾਂਝੇ ਤੌਰ ‘ਤੇ ਕੰਮ ਕਰਨਾ ਦੋਵਾਂ ਰਾਜਾਂ ਦੇ ਹਿੱਤ ਵਿੱਚ ਹੈ।

ਮੁੱਖ ਮੰਤਰੀ ਨੇ ਬਿਜਲੀ ਖੇਤਰ ਵਿੱਚ ਵੀ ਦੋਵਾਂ ਸੂਬਿਆਂ ਦਰਮਿਆਨ ਆਪਸੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਪੀਕ ਸੀਜ਼ਨ ਦੌਰਾਨ ਆਪਣੇ ਕੋਲ ਮੌਜੂਦ ਵਾਧੂ ਬਿਜਲੀ ਪੰਜਾਬ ਨੂੰ ਵੇਚ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦਾ ਮਸਲਾ ਹੱਲ ਕਰਨ ਵਿੱਚ ਵੱਡੀ ਮਦਦ ਮਿਲੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ 1 IPS ਅਤੇ 8 PPS ਅਫਸਰਾਂ ਦੇ ਤਬਾਦਲੇ

ਜਲੰਧਰ ਜ਼ਿਮਨੀ ਚੋਣ ਲਈ ਤਾਰੀਖ ਦਾ ਐਲਾਨ