… ਪੰਜਾਬ ਦੀ ਜਨਤਾ ਇਸ ਵਾਰ ਮਾਫੀਆ ਆਗੂਆਂ ਨੂੰ ਚੁਣ ਕੇ ਧੋਖ਼ਾ ਨਹੀਂ ਖਾਵੇਗੀ: ਭਗਵੰਤ ਮਾਨ
ਬਾਬਾ ਬਕਾਲਾ (ਅੰਮ੍ਰਿਤਸਰ), 10 ਫਰਵਰੀ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਮਾਫੀਆ ਪੰਜਾਬ ਦੀ ਸਾਰੀਆਂ ਸਮੱਸਿਆਵਾਂ ਦੀ ਜੜ ਹੈ। ਰਿਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਜਿਸ ਕਾਰਨ ਆਮ ਆਦਮੀ ਦਿਨ ਪ੍ਰਤੀ ਦਿਨ ਗਰੀਬ ਹੁੰਦਾ ਜਾ ਰਿਹਾ ਹੈ, ਅਤੇ ਭ੍ਰਿਸ਼ਟਾਚਾਰੀ ਆਗੂਆਂ ਦੀ ਸੰਪਤੀ ਦੁਗਣੀ ਹੁੰਦੀ ਜਾ ਰਹੀ ਹੈ। ਪੰਜਾਬ ਨੂੰ ਬਚਾਉਣ ਲਈ ਸਭ ਤੋਂ ਪਹਿਲਾ ਭ੍ਰਿਸ਼ਟ ਅਤੇ ਮਾਫੀਆ ਆਗੂਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਾ ਪਵੇਗਾ, ਅਤੇ ਇਹ ਕੰਮ ਇਸ ਵਾਰ ਪੰਜਾਬ ਦੀ ਜਨਤਾ ਚੋਣਾਂ ਵਿਚ ਕਰਕੇ ਦਿਖਾਵੇਗੀ।
ਵੀਰਵਾਰ ਨੂੰ ਭਗਵੰਤ ਮਾਨ ਨੇ ਬਾਬਾ ਬਕਾਲਾ ਵਿਧਾਨ ਸਭਾ ਦੇ ਵੱਖ-ਵੱਖ ਪਿੰਡਾਂ ‘ਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਤੋਂ ‘ਆਪ’ ਦੇ ਉਮੀਦਵਾਰ ਦਲਬੀਰ ਸਿੰਘ ਟੌਂਗ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਲੋਕਾਂ ਵਿੱਚ ਮਾਨ ਦੇ ਪ੍ਰਤੀ ਭਾਰੀ ਉਤਸ਼ਾਹ ਸੀ ਅਤੇ ਫੁੱਲ ਦੀ ਵਰਖਾ ਕਰਕੇ ਮਾਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮਾਨ ਦੇ ਨਾਲ ਪਾਰਟੀ ਦੇ ਉਮੀਦਵਾਰ, ਸੂਬੇ ਪੱਧਰੀ ਅਤੇ ਸਥਾਨਕ ਆਗੂ ਮੌਜੂਦ ਸਨ।
ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੀ ਅਲੋਚਨਾ ਕਰਦਿਆਂ ਬਿਨਾਂ ਕਿਸੇ ਦਾ ਨਾਂਅ ਲਏ ਕਿਹਾ ਕਿ ਗਰੀਬ ਅਤੇ ਆਮ ਆਦਮੀ ਦਾ ਚਾਹੇ ਜਿੰਨਾ ਡਰਾਮਾ ਕਰ ਲੈਣ, ਪੰਜਾਬ ਦੇ ਲੋਕ ਇਸ ਵਾਰ ਭ੍ਰਿਸ਼ਟ ਅਤੇ ਮਾਫੀਆ ਆਗੂਆਂ ਨੂੰ ਨਹੀਂ ਚੁਣਨਗੇ। ਪੰਜਾਬ ਨੂੰ ਮਾਫੀਆ ਸਰਕਾਰ ਦੀ ਨਹੀਂ, ਇੱਕ ਇਮਾਨਦਾਰ ਸਰਕਾਰ ਦੀ ਜ਼ਰੂਰਤ ਹੈ। ਇਸ ਲਈ ਪੰਜਾਬ ਦੀ ਜਨਤਾ ਚੰਗੇ ਅਤੇ ਇਮਾਨਦਾਰ ਲੋਕਾਂ ਨੂੰ ਹੀ ਚੁਣੇਗੀ।
ਮਾਨ ਨੇ ਕਿਹਾ ਕਿ ਆਗੂਆਂ ਅਤੇ ਨਸ਼ਾ ਮਾਫੀਆਂ ਨਾਲ ਗੱਠਜੋੜ ਕਾਰਨ ਪੂਰੇ ਪੰਜਾਬ ਵਿੱਚ ਹਰ ਜਗਾ ਧੜੱਲੇ ਨਾਲ ਚਿੱਟਾ ਵਿਕਦਾ ਹੈ। ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਅੰਦਰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ, ਕਿਉਂਕਿ ਉਨਾਂ ਨੂੰ ਸੱਤਾ ਦੀ ਸੁਰੱਖਿਆ ਪ੍ਰਾਪਤ ਹੈ। ਨਸ਼ਾ ਮਾਫੀਆ ਅਤੇ ਸੱਤਾਧਾਰੀ ਆਗੂਆਂ ਨੇ ਮਿਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦੀ ਦੀ ਕਗਾਰ ‘ਤੇ ਖੜਾ ਕਰ ਦਿੱਤਾ ਹੈ। ਇਸ ਗੱਠਜੋੜ ਨੂੰ ਤੋੜਾਂਗੇ ਅਤੇ ਪੰਜਾਬ ਤੋਂ ਨਸ਼ਾ ਮਾਫੀਆ ਖ਼ਤਮ ਕਰਾਂਗੇ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਵਾਂਗੇ ਅਤੇ ਉਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਾਂਗੇੇ। ਚੰਗੀ ਸਿੱਖਿਆ ਅਤੇ ਰੁਜ਼ਗਾਰ ਵੀ ਦੇਵਾਂਗੇ।
ਮਾਨ ਨੇ ਕਿਹਾ ਕਿ ਸਰਕਾਰੀ ਲੁੱਟ ਅਤੇ ਭ੍ਰਿਸ਼ਟਾਚਾਰ ਤੋਂ ਪੰਜਾਬ ਦੀ ਜਨਤਾ ਹੁਣ ਤੰਗ ਆ ਚੁੱਕੀ ਹੈ। ਸਰਕਾਰੀ ਦਫ਼ਤਰਾਂ ਵਿੱਚ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ। ਪੈਸੇ ਦੇਣ ‘ਤੇ ਵੀ ਸਮੇਂ ਸਿਰ ਕੰਮ ਨਹੀਂ ਹੁੰਦਾ। ਆਮ ਆਦਮੀ ਪਾਰਟੀ ਦੀ ਸਰਕਾਰ ਦਫਤਰਾਂ ਦੀ ਵਿਵਸਥਾ ਬਦਲੇਗੀ ਅਤੇ ਉਸ ਨੂੰ ਰਿਸ਼ਵਤ ਦਾ ਕੈਸ਼ ਕੁਲੈਕਸ਼ਨ ਕੇਂਦਰ ਦੀ ਥਾਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲੀ ਥਾਂ ਬਣਾਵਾਂਗੇ। ਅਸੀਂ ਪੰਜਾਬ ਵਿੱਚੋਂ ਮਾਫੀਆ ਅਤੇ ਭ੍ਰਿਸ਼ਟਾਚਾਰ ਪੂਰੀ ਤਰਾਂ ਖ਼ਤਮ ਕਰਾਂਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਾਂਗੇ।