ਸ੍ਰੀ ਮੁਕਤਸਰ ਮੁਕਤਸਰ, 14 ਜਨਵਰੀ 2024 – ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ‘ਮਾਘੀ ਦਾ ਮੇਲਾ’ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰਖਦਾ ਹੈ। ਜਿਸ ਨੂੰ ਸਿੱਖ ਧਰਮ ਵਿੱਚ ਬੜੀ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਸ਼ਹੀਦੀ ਦੀ ਯਾਦ ਵਜੋਂ ਵੀ ਮਨਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਬੇਦਾਵਾ ਲਿਖ ਕੇ ਛੱਡ ਜਾਨ ਵਾਲੇ 40 ਸਿੰਘ ਨੇ ਮੁੜ ਆਪਣੇ ਗੁਰੂ ਲਈ ਇਥੇ ਜੰਗ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ।
ਜਦ ਮਈ 1704 ਈ. ਨੂੰ ਸ੍ਰੀ ਆਨੰਦ ਪੁਰ ਸਾਹਿਬ ਦੇ ਕਿਲੇ ਨੂੰ ਮੁਗਲ ਹਕੂਮਤ ਦੀਆਂ ਫੌਜਾਂ ਵੱਲੋਂ ਘੇਰਾ ਪਾਇਆ ਲਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਫੀ ਦਿਨ ਮੁਗਲਾਂ ਨਾਲ ਯੁੱਧ ਕੀਤਾ। ਇਸ ਮੌਕੇ ਹਾਲਾਤ ਇਸ ਤਰ੍ਹਾਂ ਹੋ ਗਏ ਸਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਕੋਲ ਖਾਣ-ਪੀਣ ਲਈ ਰਾਸ਼ਨ ਬਿਲਕੁਲ ਖਤਮ ਹੋ ਚੁੱਕਾ ਸੀ। ਸਿੰਘਾਂ ਕੋਲੋਂ ਭੁੱਖੇ ਰਹਿ ਕੇ ਜੰਗ ਲੜਨਾ ਮੁਸ਼ਕਲ ਹੋ ਗਿਆ। ਇਸ ਮੌਕੇ 40 ਸਿੰਘਾਂ ਵੱਲੋਂ ਬਗਾਵਤ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਗਿਆ ਕਿ ਗੁਰੂ ਜੀ ਹੁਣ ਸਾਡੇ ਕੋਲੋਂ ਭੁੱਖੇ ਰਹਿ ਕੇ ਜੰਗ ਨਹੀਂ ਲੜੀ ਜਾ ਸਕਦੀ ਤੇ ਇਨ੍ਹਾਂ 40 ਸਿੰਘਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਕਾਗਜ ਉਪਰ ਬੇਦਾਵਾ ਲਿਖ ਕੇ ਦੇ ਦਿੱਤਾ। ਇਸ ਵਿੱਚ ਇਹ ਲਿਖਿਆ ਕਿ ਅਸੀਂ ਆਪਣੇ ਘਰ ਵੱਲ ਜਾ ਰਹੇ ਹਾਂ “ਅਸੀਂ ਤੇਰੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ’।
ਉਸ ਤੋਂ ਬਾਅਦ ਮੁਗ਼ਲ ਫੌਜਾਂ ਵੱਲੋਂ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਤੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲਈ ਕਿਹਾ ਅਤੇ ਫੇਰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਦਸਮ ਪਾਤਸ਼ਾਹ ਪਰਿਵਾਰ ਵਿਛੋੜਾ, ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਆਲਮਗੀਰ ਸਾਹਿਬ, ਟਾਹਲੀਆਣਾ ਸਾਹਿਬ (ਰਾਏਕੋਟ) ਹੁੰਦੇ ਹੋਏ ਖਿਦਰਾਣੇ ਦੀ ਢਾਬ ਪਹੁੰਚੇ ਸੀ। ਖਿਦਰਾਣੇ ਦੀ ਢਾਬ ਮੁਕਤਸਰ ਦਾ ਪੁਰਾਣਾ ਨਾਂ ਸੀ। ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਵੀ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਮੁਗਲਾਂ ਫੌਜਾਂ ਕਰਦਿਆਂ ਆ ਰਹੀਆਂ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵਿੱਚ ਡੇਰੇ ਲਾਏ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਫ਼ੌਜਾਂ ਨੇ ਖਿਦਰਾਣੇ ਦੀ ਢਾਬ ਨੂੰ ਆ ਘੇਰਿਆ ਅਤੇ ਇੱਥੇ ਸਿੱਖਾਂ-ਮੁਗਲਾਂ ਵਿਚਕਾਰ ਭਿਅੰਕਰ ਲੜਾਈ ਹੋਈ।
ਇਸ ਲੜਾਈ ਵਿੱਚ ਮਾਝੇ ਦੇ ਉਹ ਚਾਲੀ ਸਿੱਖ ਜਿਹੜੇ ਆਨੰਦਪੁਰ ਦੇ ਕਿਲ੍ਹੇ ਦੀ ਘੇਰਾ ਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਗਏ ਸਨ, ਇਸ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਓਹਨਾ ਨੂੰ ਮੁਕਤੀ ਦਾ ਵਰ ਦਿਤਾ ਜਿਸ ਕਾਰਨ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਪੈ ਗਿਆ। ਇਨ੍ਹਾਂ ਚਾਲੀ ਸਿੱਖਾਂ ਦੀ ਸ਼ਹੀਦੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸ਼ਹੀਦ ਗੰਜ਼ ਸ਼ਸੋਭਿਤ ਹੈ। ਇਨ੍ਹਾਂ ਦੀ ਯਾਦ ਵਿੱਚ ਹੀ ਇੱਥੇ ਮਾਘ ਦੀ ਸੰਗਰਾਂਦ ਦਾ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਆਉਂਦੇ ਹਨ ਅਤੇ ਮਾਘੀ ਦਾ ਮੇਲਾ ਧੂਮ-ਧਾਮ ਨਾਲ ਮਨਾਉਂਦੇ ਹਨ।
ਮਾਘੀ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਪਵਿੱਤਰ ਸਰੋਵਰ ਵਿਚ ਸੰਗਤ ਵੱਡੀ ਗਿਣਤੀ ਵਿਚ ਇਸ਼ਨਾਨ ਕਰਦੀ ਹੈ। ਮੁਕਤਸਰ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋ ਹੀ ਖਿੱਚ ਦਾ ਕੇਂਦਰ ਰਿਹਾ ਹੈ। ਲੋਕ ਵੰਨ-ਸੁਵੰਨੀ ਸੁੰਦਰ ਵੇਸ਼-ਭੂਸ਼ਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਸਰ ਦੇ ਮੇਲੇ ਵਿੱਚ ਪਹੁੰਚਦੇ ਹਨ।
ਜੇ ਅਸੀਂ ਮੁਕਤਸਰ ਸਾਹਿਬ ਦੇ ਪਿਛਲੇ ਇਤਿਹਾਸ ਦੱਸੀਏ ਤਾਂ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਂ ਖਿਦਰਾਣਾ ਸੀ। ਧਰਤ ਹੇਠਲਾ ਪਾਣੀ ਖਾਰਾ ਹੋਣ ਕਰਕੇ ਅਤੇ ਇਲਾਕਾ ਜੰਗਲੀ ਹੋਣ ਕਰਕੇ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਜਲਾਲਾਬਾਦ ਦੇ ਵਸਨੀਕ ਖਦਰਾਣੇ ਨੇ ਉਸ ਸਮੇਂ ਇੱਥੇ ਬਰਸਾਤੀ ਪਾਣੀ ਇਕੱਠਾ ਕਰਨ ਲਈ ਇੱਕ ਢਾਬ ਖੁਦਵਾਈ ਸੀ, ਜਿਸ ਕਰਕੇ ਇਸ ਇਲਾਕੇ ਨੂੰ ‘ਖਿਦਰਾਣੇ ਦੀ ਢਾਬ’ ਨਾਂ ਨਾਲ਼ ਵੀ ਜਾਣਿਆ ਜਾਂਦਾ ਸੀ। ਪੰਜਾਬ ਦਾ ਇਤਿਹਾਸਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਜੋ ਪਹਿਲਾਂ ਜ਼ਿਲ੍ਹਾ ਫ਼ਰੀਦਕੋਟ ਦਾ ਹੀ ਹਿੱਸਾ ਸੀ ਨਵੰਬਰ, 1995 ਨੂੰ ਬਤੌਰ ਜ਼ਿਲ੍ਹਾ ਹੋਂਦ ਵਿੱਚ ਆਇਆ। ਪਹਿਲਾਂ ਇਸ ਸ਼ਹਿਰ ਦਾ ਨਾਮ ਮੁਕਤਸਰ ਸੀ। ਫਰਵਰੀ 2012 ਵਿੱਚ ਇਸਦਾ ਨਾਮ ‘ਮੁਕਤਸਰ’ ਤੋਂ ਬਦਲ ਕੇ ‘ਸ਼੍ਰੀ ਮੁਕਤਸਰ ਸਾਹਿਬ’ ਰੱਖ ਦਿੱਤਾ ਗਿਆ। ਇਸ ਸ਼ਹਿਰ ਨੂੰ ’40 ਮੁਕਤਿਆਂ ਦੀ ਧਰਤ ਵਜੋਂ’ ਜੋ ਮਾਣ ਮਿਲਿਆ ਉਹ ਇਸਨੂੰ ਧਾਰਮਿਕ ਅਤੇ ਸਮਾਜਿਕ ਤੌਰ ‘ਤੇ ਵਿਲੱਖਣਤਾ ਪ੍ਰਦਾਨ ਕਰਦਾ ਹੈ।
ਅਜੋਕੇ ਸਮੇਂ ਵਿੱਚ ਜਿੱਥੇ ਮੇਲਿਆਂ ਦਾ ਪ੍ਰਚਲਨ ਪੰਜਾਬ ਵਿੱਚ ਘਟਿਆ ਹੈ ਉੱਥੇ ਹੀ ਮਾਘੀ ਦਾ ਮੇਲਾ ਹਰ ਸਾਲ ਆਪਣੇ ਨਵੇਂ ਜਲੌਅ ਵਿੱਚ ਦੇਖਣ ਨੂੰ ਮਿਲਦਾ ਹੈ। ਭਰਵੀਂ ਠੰਢ ਵਿੱਚ ਲੱਗਣ ਵਾਲੇ ਇਸ ਮੇਲੇ ਵਿੱਚ ਦੂਰੋਂ ਨੇੜਿਓਂ ਆਉਦੇ ਲੱਖਾਂ ਸ਼ਰਧਾਲੂਆਂ ਲਈ ਰਸਤਿਆਂ ਵਿੱਚ ਨਗਰਾਂ ਅਤੇ ਸ਼ਹਿਰਾਂ ਵਿੱਚ ਹਜ਼ਾਰਾਂ ਲੰਗਰਾਂ ਅਤੇ ਧਰਮਸ਼ਾਲਾਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਮੇਲਾ ਆਪਣੇ ਇਕੱਠ ਕਰਕੇ ਪੂਰੀ ਦੁਨੀਆਂ ਵਿੱਚ ਜਾਣਿਆਂ ਜਾਂਦਾ ਹੈ।