- ਸਿੱਖ ਵਿਦਵਾਨ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਚੁੱਕਿਆ ਸਵਾਲ
ਪਟਿਆਲਾ, 30 ਅਗਸਤ, 2025: ਤਰੁੱਟੀਆਂ ਪੂਰਨ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਨਸ਼ਟ ਕਰਨ ਦੇ ਤਰੀਕੇ ਨੂੰ ‘ਬੇਅਦਬੀ’ ਕਰਾਰ ਦਿੱਤੇ ਜਾਣ ਮਗਰੋਂ ਪੰਜਾਬੀ ਯੂਨੀਵਰਸਿਟੀ ਦੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵਲੋਂ ਜਾਰੀ ਪੱਤਰ ਅਨੁਸਾਰ ਮਹਾਨ ਸ਼ਬਦ ਕੋਸ਼ ਨੂੰ ਨਸ਼ਟ ਕਰਨ ਦੀ ਵਿਧੀ ਵਿੱਚ ਹੋਈ ਕੁਤਾਹੀ ਸਬੰਧੀ ਹਰਿੰਦਰ ਪਾਲ ਸਿੰਘ ਕਾਲੜਾ, ਇੰਚਾਰਜ ਪਬਲੀਕੇਸ਼ਨ ਬਿਊਰੋ ਐਂਡ ਪ੍ਰੈਸ ਅਤੇ ਹਿਮੇਂਦਰ ਭਾਰਤੀ ਡਾਇਰੈਕਟਰ ਵਣ ਤ੍ਰਿਣ ਜੀਵ ਜੰਤੂ ਸੰਤੁਲਨ ਮੁੜ-ਬਹਾਲੀ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦਾ ਇਹ ਹੁਕਮ ਸਿੰਡੀਕੇਟ ਤੋਂ ਪ੍ਰਵਾਨਗੀ ਦੀ ਆਸ ਵਿੱਚ ਜਾਰੀ ਕੀਤਾ ਗਿਆ ਹੈ। ਇਸ ਦਾ ਅਰਥ ਇਹ ਹੈ ਕਿ ਜੇਕਰ ਸਿੰਡੀਕੇਟ ਨੇ ਵੀਸੀ ਦਾ ਇਹ ਹੁਕਮ ਪ੍ਰਵਾਨ ਨਾ ਕੀਤਾ ਤਾਂ ਮੁਅੱਤਲੀ ਦੇ ਹੁਕਮ ਬੇਅਸਰ ਹੋ ਜਾਵੇਗਾ। ਇਸਦੇ ਨਾਲ ਹੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਅਤੇ ਕੈਂਪਸ ਵਿਚ ਸ਼ੁਕਰਵਾਰ ਦੀ ਛੁੱਟੀ ਕਰ ਦਿੱਤੀ ਗਈ ਹੈ। ਪਸ਼ਚਾਤਾਪ ਵਜੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼ਨੀਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਜਾਵੇਗਾ ਅਤੇ ਸੋਮਵਾਰ ਨੂੰ ਭੋਗ ਪਾਏ ਜਾਣਗੇ।
ਦੂਜੇ ਪਾਸੇ ਸਿੱਖ ਵਿਦਵਾਨ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਬੁੱਧੀਜੀਵੀਆਂ, ਅਧਿਆਪਕਾਂ ਅਤੇ ਪੱਤਰਕਾਰਾਂ ਦੇ ਇੱਕ ਵਹਾਟਸਐਪ ਗਰੁੱਪ ਵਿੱਚ ਇਸ ਸਬੰਧੀ ਟਿੱਪਣੀ ਕਰਦਿਆਂ ਕਿਹਾ ਹੈ “ਖਬਰ ਹੈ ਕਿ ਵੀਸੀ ਸਾਹਿਬ ਨੇ ਮਹਾਨਕੋਸ਼ ਦੀ ਬੇਅਦਬੀ ਨਾਲ ਸਬੰਧਿਤ ਕੁੱਝ ਅਫਸਰ ਮੁਅੱਤਲ ਕਰ ਦਿੱਤੇ ਹਨ. ਵੀਸੀ ਸਾਹਿਬ ਖੁਦ ਇਸ ਕੇਸ ਵਿਚ ਦੋਸ਼ੀ ਹਨ. ਕੀ ਇਕ ਦੋਸ਼ੀ ਅਪਣੇ ਸਹਿਯੋਗੀ ਦੋਸ਼ੀਆਂ ਨੂੰ ਮੁਅੱਤਲ ਕਰ ਸਕਦਾ ਹੈ?”। ਦੱਸਣਯੋਗ ਹੈ ਕਿ ਪ੍ਰੋਫੈਸਰ ਪੰਨੂੰ ਵਹਾਟਸਐਪ ਤੋਂ ਇਲਾਵਾ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ ਤੇ ਨਹੀਂ ਹਨ। ਉਹ ਵਹਾਟਸਐਪ ਰਾਹੀਂ ਹੀ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਇ ਰੱਖਦੇ ਹਨ।

