- 1999 ਦਾ ਇਤਿਹਾਸ ਦੁਹਰਾਉਣ ਦੀ ਤਿਆਰੀ
ਜੀਂਦ, 26 ਜਨਵਰੀ 2023 – ਹਰਿਆਣਾ ਦੇ ਜੀਂਦ ‘ਚ ਸੰਯੁਕਤ ਕਿਸਾਨ ਮੋਰਚਾ (SKM) ਦੇ ਸੱਦੇ ‘ਤੇ ਵੀਰਵਾਰ ਨੂੰ ਨਵੀਂ ਅਨਾਜ ਮੰਡੀ ‘ਚ ਕਿਸਾਨ ਮਹਾਪੰਚਾਇਤ ਹੋ ਰਹੀ ਹੈ। ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਸਮੇਤ ਕਈ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚ ਚੁੱਕੇ ਹਨ। ਜੀਂਦ-ਨਰਵਾਣਾ ਰਾਸ਼ਟਰੀ ਰਾਜ ਮਾਰਗ ‘ਤੇ ਸਵੇਰ ਤੋਂ ਹੀ ਜਾਮ ਦੀ ਸਥਿਤੀ ਬਣੀ ਰਹੀ। ਰੈਲੀ ਵਿੱਚ ਭਾਕਿਯੂ ਦੇ ਕੌਮੀ ਪ੍ਰੈੱਸ ਬੁਲਾਰੇ ਰਾਕੇਸ਼ ਟਿਕੈਤ, ਕੌਮੀ ਜਨਰਲ ਸਕੱਤਰ ਯੁੱਧਵੀਰ ਸਿੰਘ, ਪੰਜਾਬ ਤੋਂ ਜੋਗਿੰਦਰ ਉਗਰਾਹਾਂ ਸਮੇਤ ਕਈ ਵੱਡੇ ਕਿਸਾਨ ਆਗੂ ਪੁੱਜੇ ਹੋਏ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰੈਸ ਬੁਲਾਰੇ ਰਾਮਰਾਜੀ ਢੁਲ ਨੇ ਦੱਸਿਆ ਕਿ ਕਿਸਾਨਾਂ ਦਾ ਮਹਾਂਪੰਚਾਇਤ ਵਿੱਚ ਆਉਣਾ ਜਾਰੀ ਹੈ। 21 ਫਰਵਰੀ 1999 ਨੂੰ ਜੀਂਦ ਦੇ ਹੁੱਡਾ ਮੈਦਾਨ ਵਿੱਚ ਕਿਸਾਨਾਂ ਦੀ ਇੱਕ ਵੱਡੀ ਰੈਲੀ ਹੋਈ। ਜਿਸ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਚੌ. ਮਹਿੰਦਰ ਸਿੰਘ ਟਿਕੈਤ ਨੇ ਕੀਤਾ। ਉਸ ਦੌਰ ਵਿੱਚ ਸੂਬਾ ਪ੍ਰਧਾਨ ਮਰਹੂਮ ਚੌ. ਘਾਸੀ ਰਾਮ ਨੈਨ ਹੁੰਦੇ ਸਨ। ਵੀਰਵਾਰ ਦੀ ਮਹਾਪੰਚਾਇਤ ‘ਚ ਵੀ ਅਜਿਹਾ ਹੀ ਇਕੱਠ ਦੇਖਣ ਨੂੰ ਮਿਲਿਆ। ਜੀਂਦ-ਨਰਵਾਣਾ ਹਾਈਵੇਅ ‘ਤੇ ਰਾਤ 9 ਵਜੇ ਤੋਂ ਹੀ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ। ਡੂਮਰਖਾਨ, ਉਚਾਨਾ ਸਮੇਤ ਰਸਤੇ ਵਿੱਚ ਕਈ ਥਾਵਾਂ ’ਤੇ ਲੰਗਰ ਸੇਵਾ ਜਾਰੀ ਰਹੀ।
ਇਨ੍ਹਾਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਮਹਾਪੰਚਾਇਤ :-
- ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਅਤੇ ਇਸੇ ਆਧਾਰ ‘ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ।
- ਕਰਜ਼ਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ
- ਬਿਜਲੀ ਸੋਧ ਬਿੱਲ 2022 ਵਾਪਸ ਲਿਆ ਜਾਵੇ
- ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੈਬਨਿਟ ਤੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤੇ ਬੇਕਸੂਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ
- ਅੰਦੋਲਨ ਦੌਰਾਨ ਬਣਾਏ ਗਏ ਮੁਕੱਦਮੇ ਵਾਪਸ ਲਏ ਜਾਣ
- ਫਸਲਾਂ ਦੇ ਨੁਕਸਾਨ ਦਾ ਸਾਰਾ ਬਕਾਇਆ ਮੁਆਵਜ਼ਾ ਤੁਰੰਤ ਅਦਾ ਕੀਤਾ ਜਾਵੇ
- ਗੰਨੇ ਦਾ ਰੇਟ 450 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ
- 300 ਯੂਨਿਟ ਤੱਕ ਮੁਫਤ ਬਿਜਲੀ
- ਜਿਨਸੀ ਸ਼ੋਸ਼ਣ ਦੇ ਦੋਸ਼ੀ ਮੰਤਰੀ ਸੰਦੀਪ ਸਿੰਘ ਅਤੇ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਬਰਖਾਸਤ ਕੀਤਾ ਜਾਵੇ